ਕੇਂਦਰ ਸਰਕਾਰ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਰੁਪਏ ਦਾ ਸਿੱਕਾ ਕਰੇਗੀ ਜਾਰੀ

Thursday, Sep 12, 2019 - 09:25 PM (IST)

ਅੰਮ੍ਰਿਤਸਰ (ਦੀਪਕ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿਥੇ ਦੇਸ਼-ਵਿਦੇਸ਼ਾਂ 'ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਉਥੇ ਇਸ ਪ੍ਰਕਾਸ਼ ਪੁਰਬ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੇਂਦਰ ਸਰਕਾਰ ਨੇ 550 ਰੁਪਏ ਦਾ ਇਕ ਨਵਾਂ ਸਿੱਕਾ ਪ੍ਰਕਾਸ਼ ਪੁਰਬ ਵਾਲੇ ਦਿਨ ਜਾਰੀ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਸ਼ਲਾਘਾ ਪੂਰੇ ਸਿੱਖ ਪੰਥ 'ਚ ਹੋ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੇ ਇਸ ਸਿੱਕੇ ਦੇ ਡਿਜ਼ਾਈਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਪੂਰਾ ਤਾਲਮੇਲ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਜੋ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ, 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਤੇ ਪੰਜਾਬ ਸਰਕਾਰ ਦੇ ਮੰਤਰੀ ਮੰਡਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਪੰਥਕ ਸ਼ਖਸੀਅਤਾਂ ਸ਼ਾਮਿਲ ਹੋ ਰਹੀਆਂ ਹਨ। ਇਸ ਮੌਕੇ ਕੇਂਦਰ ਸਰਕਾਰ 550 ਰੁਪਏ ਦਾ ਇਕ ਨਵਾਂ ਖੂਬਸੂਰਤ ਸਿੱਕਾ ਜਾਰੀ ਕਰ ਰਹੀ ਹੈ।

ਕੇਂਦਰ ਸਰਕਾਰ ਵੱਲੋਂ ਬਣਾਏ ਗਏ 550 ਰੁਪਏ ਦੇ ਸਿੱਕੇ ਦਾ ਜੋ ਨਵਾਂ ਡਿਜ਼ਾਈਨ ਬਣਾਇਆ ਗਿਆ ਹੈ, ਉਸ ਬਾਰੇ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਪਹਿਲਾਂ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਫੋਟੋ ਸਿੱਕੇ ਇਕ ਪਾਸੇ ਲਾਉਣ ਲਈ ਭੇਜੀ ਗਈ ਸੀ, ਕੇਂਦਰ ਸਰਕਾਰ ਨੇ ਸਿੱਕੇ ਦੇ ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁ. ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ (ਲਾਹੌਰ) ਅਤੇ ਉਸ 'ਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਪੰਜਾਬੀ 'ਚ ਅੰਕਿਤ ਕਰਨ ਤੋਂ ਇਲਾਵਾ ਸਿੱਕੇ ਦੇ ਵਿਚਕਾਰ ੴ 550 ਸਾਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (1469-2019) ਅੰਗਰੇਜ਼ੀ 'ਚ ਅੰਕਿਤ ਕਰਨ ਦੇ ਨਾਲ ਹੇਠਾਂ ਗੁ. ਸ੍ਰੀ ਨਨਕਾਣਾ ਸਾਹਿਬ ਦੀ ਫੋਟੋ ਅੰਕਿਤ ਕੀਤੀ ਹੈ।

ਇਸ ਸਿੱਕੇ ਦਾ ਡਿਜ਼ਾਈਨ ਕੇਂਦਰ ਸਰਕਾਰ ਨੇ ਫਾਈਨਲ ਕੀਤਾ ਹੈ ਜਾਂ ਨਹੀਂ, ਬਾਰੇ ਸਪੱਸ਼ਟ ਨਹੀਂ ਹੋ ਰਿਹਾ। ਸਿੱਕੇ ਨੂੰ ਬਣਾਉਣ ਲਈ 50 ਫੀਸਦੀ ਲੋਹਾ ਅਤੇ 40 ਫੀਸਦੀ ਤਾਂਬੇ ਦੀ ਵਰਤੋਂ ਕੀਤੀ ਜਾਵੇਗੀ। ਭਾਰਤ ਸਰਕਾਰ ਅਜੇ ਫੈਸਲਾ ਕਰ ਰਹੀ ਹੈ ਕਿ ਇਹ ਸਿੱਕਾ 10 ਰੁਪਏ ਦੇ ਸਿੱਕੇ ਦੇ ਸਾਈਜ਼ ਤੋਂ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਦੇਸ਼-ਵਿਦੇਸ਼ ਵਿਚ ਵੀ ਕਾਇਮ ਕੀਤੀ ਜਾਵੇ। ਲੌਂਗੋਵਾਲ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਦੇ ਤਹਿ-ਦਿਲੋਂ ਸ਼ੁਕਰਗੁਜ਼ਾਰ ਹਨ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਚ ਸਨਮਾਨ ਵਜੋਂ ਵਿਸ਼ੇਸ਼ ਦਿਲਚਸਪੀ ਲੈ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਜੌੜਾਸਿੰਘਾ ਨੇ ਦੱਸਿਆ ਕਿ ਉਹ ਇਸ ਸਿੱਕੇ ਦੀ ਤਸਵੀਰ ਇਸ ਲਈ ਜਾਰੀ ਨਹੀਂ ਕਰ ਸਕਦੇ ਕਿਉਂਕਿ ਇਹ ਸਿੱਕਾ ਕੇਂਦਰ ਸਰਕਾਰ ਨੇ ਬਣਾਉਣਾ ਹੈ ਅਤੇ ਇਸ ਦਾ ਡਿਜ਼ਾਈਨ ਵੀ ਕੇਂਦਰ ਸਰਕਾਰ ਨੇ ਪਾਸ ਕਰਨਾ ਹੈ। ਕੁਝ ਹੋਰ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹਨ।


Karan Kumar

Content Editor

Related News