25 ਜਨਵਰੀ ਤੋਂ ਗਾਇਬ ਔਰਤ ਦਾ ਕੋਈ ਸੁਰਾਗ ਨਹੀਂ
Monday, Mar 05, 2018 - 10:30 AM (IST)

ਬਠਿੰਡਾ (ਬਲਵਿੰਦਰ)-25 ਜਨਵਰੀ 2018 ਦੀ ਸਵੇਰ ਤੋਂ ਆਪਣੇ ਘਰੋਂ ਗਾਇਬ ਹੋਈ 55 ਸਾਲਾ ਔਰਤ ਚੰਦਰ ਕਲਾ ਪਤਨੀ ਮੋਹਿੰਦਰ ਪਾਲ ਵਾਸੀ ਗਲੀ ਨੰ. 14, ਮੁਲਤਾਨੀਆ ਰੋਡ, ਬਠਿੰਡਾ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ, ਜਦਕਿ ਪੁਲਸ ਨੇ ਮਾਮਲਾ ਠੰਡੇ ਬਸਤੇ 'ਚ ਪਾ ਦਿੱਤਾ ਹੈ।
ਗਾਇਬ ਔਰਤ ਚੰਦਰ ਕਲਾ ਦੇ ਪੁੱਤਰ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਥਾਣਾ ਕੈਨਾਲ ਵਿਖੇ ਇਤਲਾਹ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਮਾਤਾ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਰਾਜੀਵ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਿਰਸਾ ਤੇ ਹੋਰ ਥਾਵਾਂ 'ਤੇ ਭਾਲ ਕੀਤੀ ਗਈ ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਇੰਝ ਚਲਦਾ ਹੈ ਪੁਲਸ ਦਾ ਕਾਰਜ
ਜਿਵੇਂ ਕਿ ਅੱਜ ਸਾਹਮਣੇ ਆਇਆ ਕਿ 25 ਜਨਵਰੀ ਨੂੰ ਉਕਤ ਔਰਤ ਗਾਇਬ ਹੋਈ। ਉਸੇ ਦਿਨ ਥਾਣਾ ਕੈਨਾਲ ਵਿਖੇ ਰਿਪੋਰਟ ਦਰਜ ਕਰਵਾਈ ਗਈ। ਕੁਝ ਦਿਨਾਂ ਬਾਅਦ 3 ਫਰਵਰੀ ਨੂੰ ਥਾਣਾ ਮੁਖੀ ਦਾ ਤਬਾਦਲਾ ਹੋ ਗਿਆ। ਮੌਜੂਦਾ ਥਾਣੇਦਾਰ ਦਾ ਕਹਿਣਾ ਹੈ ਕਿ ਉਕਤ ਮਾਮਲਾ ਉਸ ਦੀ ਜੁਆਇਨਿੰਗ ਤੋਂ ਪਹਿਲਾਂ ਦਾ ਹੈ, ਇਸ ਲਈ ਮਾਮਲਾ ਧਿਆਨ ਵਿਚ ਨਹੀਂ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਪੁਲਸ ਵਿਭਾਗ ਵਿਚ ਇੰਝ ਹੀ ਚਲਦਾ ਹੈ ਕਿ ਪਹਿਲਾਂ ਦਰਜ ਹੋਏ ਮਾਮਲਿਆਂ ਜਾਂ ਰਿਪੋਰਟਾਂ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ। ਕੀ ਥਾਣਾ ਮੁਖੀ ਸਿਰਫ ਉਹੀ ਮਾਮਲੇ ਦੇਖੇਗਾ, ਜੋ ਉਸ ਦੇ ਕਾਰਜਕਾਲ ਦੌਰਾਨ ਦਰਜ ਹੋਏ ਜਾਂ ਫਿਰ ਇੰਝ ਕਹਿ ਲਿਆ ਜਾਵੇ ਕਿ ਸ਼ਿਕਾਇਤਕਰਤਾ ਦਾ ਫਰਜ਼ ਬਣਦਾ ਹੈ ਕਿ ਉਹ ਵਾਰ-ਵਾਰ ਥਾਣੇ ਦੇ ਚੱਕਰ ਕੱਢਦਾ ਰਹੇ।
ਕੀ ਕਹਿੰਦੇ ਹਨ ਡੀ. ਐੱਸ. ਪੀ.
ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਭਾਲ ਕੀਤੀ ਗਈ ਸੀ ਪਰ ਕੋਈ ਸਫਲਤਾ ਨਹੀਂ ਮਿਲ ਸਕੀ। ਪੜਤਾਲ ਅਜੇ ਵੀ ਜਾਰੀ ਹੈ ਪਰ ਹੁਣ ਤੱਕ ਇਹੀ ਸਾਹਮਣੇ ਆਇਆ ਹੈ ਕਿ ਉਕਤ ਔਰਤ ਆਪਣੀ ਮਰਜ਼ੀ ਨਾਲ ਹੀ ਕਿਧਰੇ ਚਲੀ ਗਈ ਹੈ।