ਕੈਪਟਨ ਦਾ ਗ੍ਰਹਿ ਜ਼ਿਲ੍ਹਾ ਬਣਿਆ ਹੌਟਸਪਾਟ, ਸ਼ਹਿ ਪ੍ਰਾਪਤ ਗੈਰ-ਸਮਾਜਿਕ ਅਨਸਰਾਂ ਦੀ ਹੋਵੇ ਜਾਂਚ: ਸੁਭਾਸ਼ ਸ਼ਰਮਾ

04/27/2020 12:26:04 AM

ਚੰਡੀਗੜ੍ਹ, (ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪੰਜਾਬ 'ਚ ਸਿਆਸੀ ਸ਼ਹਿ 'ਤੇ ਕੁੱਝ ਗੈਰ-ਸਮਾਜਿਕ ਅਨਸਰਾਂ ਵਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਚਲਦੇ ਪਟਿਆਲਾ ਦੇ ਹੌਟਸਪਾਟ ਬਣਨ 'ਤੇ ਸਖ਼ਤ ਨੋਟਿਸ ਲੈਂਦਿਆਂ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ ਹਨ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਪਣੀ ਸਿਆਸਤ ਚਮਕਾਉਣ ਦੀ ਜਿਗਿਆਸਾ ਦੇ ਚਲਦੇ ਸਰਕਾਰ ਦੇ ਗੁਰਗੇ ਜਨਤਾ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ, ਜਿਸਦਾ ਨਤੀਜਾ ਹੈ ਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲੇ ਪਟਿਆਲਾ 'ਚ 60 ਤੋਂ ਜ਼ਿਆਦਾ ਸੰਕ੍ਰਮਿਤ ਮਾਮਲੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 40 ਤੋਂ ਜ਼ਿਆਦਾ ਰਾਜਪੁਰਾ ਦੇ ਹਨ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਰਾਜਪੁਰਾ 'ਚ ਜਿੰਨੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜ਼ਿਆਦਾਤਰ ਦਾ ਸੰਬਧ ਤਿੰਨ ਪਰਿਵਾਰਾਂ ਨਾਲ ਹੀ ਹੈ ਅਤੇ ਉਨ੍ਹਾਂ ਦਾ ਕੰਮ-ਕਾਜ ਵੀ ਇਕ ਹੈ, ਜਿਸ ਬਾਰੇ ਰਾਜਪੁਰਾ ਦਾ ਬੱਚਾ-ਬੱਚਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਮੀਡੀਆ 'ਚ ਖ਼ਬਰਾਂ ਆ ਰਹੀਆਂ ਹਨ ਕਿ ਰਾਜਪੁਰਾ 'ਚ ਕਰਫਿਊ ਦੌਰਾਨ ਸੱਟਾ ਅਤੇ ਜੂਆ ਚੱਲਦਾ ਰਿਹਾ ਤੇ ਹੁੱਕਾ, ਸ਼ਰਾਬ ਪਾਰਟੀਆਂ ਵੀ ਹੋਈਆਂ ਜਿਸ ਕਾਰਨ ਕੋਰੋਨਾ ਫੈਲਿਆ। ਸ਼ਰਮਾ ਨੇ ਮੁੱਖ ਮੰਤਰੀ ਪੰਜਾਬ, ਡਾਇਰੈਕਟਰ ਜਨਰਲ ਪੰਜਾਬ ਪੁਲਸ ਪੰਜਾਬ ਨੂੰ ਰਾਜਪੁਰਾ 'ਚ ਕੋਰੋਨਾ ਸੰਕ੍ਰਮਣ ਫੈਲਣ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਦੀ ਜੇਕਰ ਇਹ ਇਲਜ਼ਾਮ ਸੱਚ ਹਨ ਤਾਂ ਸਿਰਫ਼ ਦੋ ਦੇ ਖਿਲਾਫ ਨਹੀਂ, ਸਗੋਂ ਜਿੰਨੇ ਵੀ ਲੋਕ ਜ਼ਿਮੇਵਾਰ ਹਨ, ਸਭ ਖਿਲਾਫ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇ।


Bharat Thapa

Content Editor

Related News