ਜਲੰਧਰ ਦੀਆਂ ਸੜਕਾਂ 'ਤੇ ਨੌਜਵਾਨਾਂ ਦੇ ਕਾਰਨਾਮੇ ਵਾਇਰਲ, ਥਾਰ ਦੀ ਛੱਤ 'ਤੇ ਬੈਠ ਖ਼ਰੂਦ ਕਰਨ 'ਤੇ ਸਖ਼ਤ ਕਾਰਵਾਈ

Monday, Aug 14, 2023 - 05:22 PM (IST)

ਜਲੰਧਰ ਦੀਆਂ ਸੜਕਾਂ 'ਤੇ ਨੌਜਵਾਨਾਂ ਦੇ ਕਾਰਨਾਮੇ ਵਾਇਰਲ, ਥਾਰ ਦੀ ਛੱਤ 'ਤੇ ਬੈਠ ਖ਼ਰੂਦ ਕਰਨ 'ਤੇ ਸਖ਼ਤ ਕਾਰਵਾਈ

ਜਲੰਧਰ (ਸੁਧੀਰ)-ਪੀ. ਪੀ. ਆਰ. ਮਾਰਕੀਟ ’ਚ ਥਾਰ, ਕ੍ਰੇਟਾ ਅਤੇ ਸਿਆਜ਼ ਕਾਰਾਂ ਦੀਆਂ ਛੱਤਾਂ 'ਤੇ ਤਾਕੀਆਂ ’ਤੇ ਬੈਠ ਕੇ ਹੁੱਲੜਬਾਜ਼ੀ ਕਰਨ ਅਤੇ ਮਾਰਕੀਟ ’ਚ ਸ਼ਰੇਆਮ ਬੁਲੇਟ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਟਾਕੇ ਵਜਾ ਕੇ ਮਾਰਕੀਟ ’ਚ ਦਹਿਸ਼ਤ ਫੈਲਾਉਣ ਦੇ ਦੋਸ਼ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਕਮਿਸ਼ਨਰੇਟ ਪੁਲਸ ਨੇ ਗੱਡੀਆਂ ਦੇ ਮਾਲਕਾਂ ਸਮੇਤ ਹੁੱਲੜਬਾਜ਼ੀ ਕਰਨ ਵਾਲੇ ਲਗਭਗ 15-20 ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦਕਿ ਪੁਲਸ ਅਣਪਛਾਤੇ ਨੌਜਵਾਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀ ਭਾਲ ’ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

PunjabKesari

ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੀ. ਪੀ. ਆਰ. ਮਾਰਕੀਟ ’ਚ ਉਕਤ ਗੱਡੀਆਂ ਦੀਆਂ ਓਪਨ ਛੱਤਾਂ ਅਤੇ ਦਰਵਾਜ਼ਿਆਂ ਦੀਆਂ ਤਾਕੀਆਂ ’ਤੇ ਉਕਤ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਂਕਿ ਜਨਤਕ ਸਥਾਨ ’ਤੇ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾ ਕੇ ਲੋਕਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਦੇ ਆਧਾਰ ’ਤੇ ਪੁਲਸ ਨੇ ਮਹਿੰਦਰਾ ਥਾਰ (ਨੰਬਰ ਪੀ. ਬੀ. 08 ਐੱਫ਼ ਏ-800) ਦੇ ਮਾਲਕ ਮਨਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਪਠਾਨਕੋਟ ਬਾਈਪਾਸ, ਮੋਟਰ ਸਾਈਕਲ (ਨੰਬਰ ਪੀ. ਬੀ. 08 ਡੀ ਐੱਫ਼-1926) ਦੇ ਮਾਲਕ ਜਤਿੰਦਰ ਕੁਮਾਰ ਪੁੱਤਰ ਕਰਮ ਚੰਦ ਵਾਸੀ ਪਿੰਡ ਕਾਹਨਪੁਰ ਡਾਕਖਾਨਾ ਰਾਏਪੁਰ, ਮਾਰੂਤੀ ਸਿਆਜ਼ ਗੱਡੀ (ਨੰਬਰ ਪੀ ਬੀ 08 ਸੀ ਐੱਸ-7979) ਦੇ ਮਾਲਕ ਕਾਂਤਾ ਪਤਨੀ ਨਰੇਸ਼ ਕੁਮਾਰ ਵਾਸੀ 342 ਮੁਹੱਲਾ ਕਰਾਰ ਖਾਂ 'ਤੇ ਕ੍ਰੇਟਾ ਗੱਡੀ, ਜਿਸ ਦੇ ਨੰਬਰ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਦੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ: 35 ਘੰਟੇ ਬਾਅਦ ਵੀ ਬੋਰ ’ਚ ਫਸੇ ਵਿਅਕਤੀ ਤੱਕ ਨਹੀਂ ਪਹੁੰਚ ਸਕੀ ਟੀਮ, NDRF ਨੇ ਸਾਂਭਿਆ ਹੈ ਮੋਰਚਾ

ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਵੀਡੀਓ ’ਚ ਕੈਦ ਹੋਈਆਂ ਗੱਡੀਆਂ ਦੇ ਨੰਬਰ ਦੀ ਡਿਟੇਲ ਕਢਵਾ ਕੇ ਉਨ੍ਹਾਂ ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕ੍ਰੇਟਾ ਗੱਡੀ ਦੇ ਨੰਬਰ ਦੀ ਵੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਹੁਣ ਗੱਡੀਆਂ ਦੇ ਮਾਲਕਾਂ ਨੂੰ ਗ੍ਰਿਫ਼ਤਾਰ ਕਰ ਕੇ ਗੱਡੀਆਂ ’ਚ ਸਵਾਰ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਬਾਰੇ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰੇਗੀ।

ਲਾਅ ਐਂਡ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਏ. ਡੀ. ਸੀ. ਪੀ.
ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਅਨੁਸਾਰ ਸ਼ਹਿਰ ’ਚ ਲਾਅ ਐਂਡ ਆਰਡਰ ਨੂੰ ਹਰ ਹਾਲਤ ’ਚ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਵੱਲੋਂ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਨਾਕਿਆਂ ’ਤੇ ਵੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਨੂੰ ਹਰ ਹਾਲਤ ’ਚ ਕਾਇਮ ਰੱਖਿਆ ਜਾਵੇਗਾ, ਜਦਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਨ ਦਿ ਸਪਾਟ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਮਾਪਿਆਂ ਨੂੰ ਅਪੀਲ
ਏ. ਡੀ. ਸੀ. ਪੀ. ਆਦਿੱਤਿਆ ਕੁਮਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਾਰੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ’ਤੇ ਨਿਗਰਾਨੀ ਰੱਖਣ ਅਤੇ ਘਰੋਂ ਬਾਹਰ ਜਾਣ ਸਮੇਂ ਉਹ ਕਿੱਥੇ ਜਾ ਰਹੇ ਹਨ, ਬਾਰੇ ਪੁੱਛਗਿੱਛ ਕਰਨ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਗੱਡੀ ਸੋਚ-ਸਮਝ ਕੇ ਦੇਣ। ਅਜਿਹਾ ਨਾ ਹੋਵੇ ਕਿ ਬਾਅਦ ’ਚ ਕਿਸੇ ਅਣਗਹਿਲੀ ਕਾਰਨ ਉਨ੍ਹਾਂ ਨੂੰ ਪਛਤਾਉਣਾ ਪਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬੱਚਿਆਂ ਨੂੰ ਸ਼ਹਿਰ ’ਚ ਲਾਅ ਐਂਡ ਆਰਡਰ ਦਾ ਪਾਲਣ ਕਰਨ ਦੇ ਨਾਲ-ਨਾਲ ਗੱਡੀਆਂ ਦੇ ਸਾਰੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ-ਜਲੰਧਰ ਤੋਂ ਵੱਡੀ ਖ਼ਬਰ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਮੌਕੇ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਇੰਜੀਨੀਅਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News