ਹਸਪਤਾਲ ਦੇ ਪਾਰਕ ’ਚੋਂ ਮਿਲੀ ਬਜ਼ੁਰਗ ਦੀ ਲਾਸ਼

Monday, Jul 15, 2024 - 10:54 AM (IST)

ਹਸਪਤਾਲ ਦੇ ਪਾਰਕ ’ਚੋਂ ਮਿਲੀ ਬਜ਼ੁਰਗ ਦੀ ਲਾਸ਼

ਅਬੋਹਰ (ਸੁਨੀਲ) : ਸਥਾਨਕ ਸਿਵਲ ਹਸਪਤਾਲ ਦੀ ਕੰਟੀਨ ਨੇੜਿਓਂ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਵਿਅਕਤੀ ਨੇ ਸਾਧੂ ਦੀ ਪੋਸ਼ਾਕ ਪਾਈ ਹੋਈ ਸੀ। ਬੀਤੀ ਬਾਅਦ ਦੁਪਹਿਰ ਉਸ ਦੀ ਪਛਾਣ ਹੋਣ ਉਪਰੰਤ ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਜਾਣਕਾਰੀ ਅਨੁਸਾਰ ਬੀਤੀ ਸਵੇਰੇ ਹਸਪਤਾਲ ਦੇ ਸਟਾਫ਼ ਨੇ ਕੰਟੀਨ ਨੇੜੇ ਪਾਰਕ ’ਚ ਇਕ ਬਜ਼ੁਰਗ ਵਿਅਕਤੀ (60 ਦੇ ਕਰੀਬ) ਦੀ ਲਾਸ਼ ਪਈ ਦੇਖੀ ਤਾਂ ਇਸ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਅਤੇ ਪੁਲਸ ਨੂੰ ਦਿੱਤੀ ਗਈ।

ਸੋਸ਼ਲ ਮੀਡੀਆ ’ਤੇ ਲਾਸ਼ ਬਾਰੇ ਪਤਾ ਲੱਗਣ 'ਤੇ ਮ੍ਰਿਤਕ ਦੇ ਭਰਾ ਵਾਸੀ ਢਾਬਾ ਕੋਕੜੀਆ ਨੇ ਸੰਸਥਾ ਨਾਲ ਸੰਪਰਕ ਕੀਤਾ। ਮ੍ਰਿਤਕ ਦੀ ਪਛਾਣ ਕਾਲਾ ਰਾਮ ਪੁੱਤਰ ਭਜਨ ਲਾਲ ਵਾਸੀ ਢਾਬਾ ਕੋਕੜੀਆ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਮੰਗਤਰਾਮ ਦਾ ਕਹਿਣਾ ਹੈ ਕਿ ਕਾਲਾ ਰਾਮ ਕਾਫ਼ੀ ਸਮੇਂ ਤੋਂ ਘਰੋਂ ਬਾਹਰ ਰਹਿੰਦਾ ਸੀ ਅਤੇ ਕਿਸੇ ਮੰਦਰ ਆਦਿ ’ਚ ਸੇਵਾ ਕਰਦਾ ਸੀ ਪਰ ਹੁਣ ਪਿਛਲੇ 2-3 ਦਿਨਾਂ ਤੋਂ ਬੀਮਾਰ ਹੋਣ ਕਾਰਨ ਉਸ ਨੂੰ ਹਸਪਤਾਲ ’ਚ ਦੇਖਿਆ ਗਿਆ। ਬੀਤੀ ਸਵੇਰੇ ਉਸ ਦੀ ਲਾਸ਼ ਹਸਪਤਾਲ ਪਾਰਕ ’ਚ ਪਈ ਮਿਲੀ। ਸਹਾਇਕ ਸਬ-ਇੰਸਪੈਕਟਰ ਰਾਜ ਸਿੰਘ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।


author

Babita

Content Editor

Related News