ਘਰੇਲੂ ਸਿਲੰਡਰਾਂ ਦੀ ਬਲੈਕ ਜ਼ੋਰਾਂ ''ਤੇ
Monday, Dec 04, 2017 - 06:57 AM (IST)
ਜਲੰਧਰ, (ਬੁਲੰਦ)- ਸਰਦੀਆਂ ਦੇ ਦਿਨਾਂ ਵਿਚ ਗੈਸ ਸਿਲੰਡਰਾਂ ਦੀ ਡਿਮਾਂਡ ਵਧ ਜਾਣਾ ਸੁਭਾਵਿਕ ਹੈ ਕਿਉਂਕਿ ਹਰ ਕੋਈ ਗਰਮਾ-ਗਰਮ ਚੀਜ਼ਾਂ ਖਾਣਾ ਚਾਹੁੰਦਾ ਹੈ। ਘਰਾਂ ਵਿਚ ਪਾਣੀ ਗਰਮ ਕਰਨ ਅਤੇ ਗੀਜ਼ਰ ਤੱਕ ਚਲਾਉਣ ਲਈ ਗੈਸ ਸਿਲੰਡਰਾਂ ਦੀ ਡਿਮਾਂਡ ਵਧਦੀ ਜਾਂਦੀ ਹੈ। ਅਜਿਹੇ ਵਿਚ ਆਲਮ ਇਹ ਹੈ ਕਿ ਗੈਸ ਏਜੰਸੀਆਂ ਵਲੋਂ ਘਰੇਲੂ ਗੈਸ ਸਿਲੰਡਰਾਂ ਦੀ ਬਲੈਕ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ। ਆਮ ਲੋਕਾਂ ਲਈ ਗੈਸ ਸਿਲੰਡਰ ਦੀ ਕੀਮਤ 768 ਰੁਪਏ ਦੇ ਕਰੀਬ ਹੈ ਪਰ ਬਲੈਕ ਵਿਚ ਇਹ ਘਰੇਲੂ ਗੈਸ ਸਿਲੰਡਰ ਰੇਹੜੀਆਂ, ਢਾਬਿਆਂ, ਰੈਸਟੋਰੈਂਟਾਂ ਆਦਿ ਵਿਚ 850 ਤੋਂ 1000 ਰੁਪਏ ਵਿਚ ਮਨਭਾਉਂਦੀ ਗਿਣਤੀ ਵਿਚ ਸਪਲਾਈ ਕੀਤੇ ਜਾ ਰਹੇ ਹਨ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਗੈਸ ਏਜੰਸੀਆਂ ਅਤੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਗੈਸ ਸਿਲੰਡਰਾਂ 'ਤੇ ਮਿਲਣ ਵਾਲੀ ਸਬਸਿਡੀ ਵਿਚ ਭਾਰੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਸਿਲੰਡਰ ਕਿਸੇ ਹੋਰ ਦੇ ਨਾਂ 'ਤੇ ਲਿਆ ਜਾਂਦਾ ਹੈ ਤੇ ਸਬਸਿਡੀ ਜਿਵੇਂ ਹੀ ਬੈਂਕ ਖਾਤੇ ਵਿਚ ਆਉਂਦੀ ਹੈ ਤਾਂ ਉਸ ਨੂੰ ਸਿਲੰਡਰ ਦੇ ਮਾਲਕ ਦੇ ਨਾਲ ਵੰਡ ਲਿਆ ਜਾਂਦਾ ਹੈ ਅਤੇ ਸਿਲੰਡਰ ਬਲੈਕ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਰੋਜ਼ਾਨਾ ਹਜ਼ਾਰਾ ਸਿਲੰਡਰਾਂ ਦੀ ਬਲੈਕ ਧੜੱਲੇ ਨਾਲ ਜਾਰੀ ਹੈ।
