ਪੰਜਾਬ ਦੇ ਇਸ ਇਲਾਕੇ ''ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

Tuesday, Aug 27, 2024 - 06:36 PM (IST)

ਪੰਜਾਬ ਦੇ ਇਸ ਇਲਾਕੇ ''ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ ਵਿਚ ਇਕ ਪਾਸੇ ਜਿੱਥੇ ਕਮਿਸ਼ਨਰੇਟ ਪੁਲਸ ਸ਼ਹਿਰ ਵਿਚ ਨਸ਼ੇ ’ਤੇ ਸ਼ਿਕੰਜਾ ਕੱਸਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉਥੇ ਦੂਜਾ ਪਹਿਲੂ ਇਹ ਹੈ ਕਿ ਗੁਰੂ ਨਗਰੀ ਵਿਚ ਹੁਣ ਨਸ਼ੇ ਦੀ ਵਿਕਰੀ ਪੂਰੀ ਤਰ੍ਹਾਂ ਧੜੱਲੇ ਨਾਲ ਹੋ ਰਹੀ ਹੈ। ਸ਼ਹਿਰ ਦਾ ਕੋਈ ਵੀ ਭਾਵੇਂ ਸਲੱਮ ਇਲਾਕਾ ਹੋਵੇ ਜਾਂ ਪਾਸ਼ ਇਲਾਕਾ, ਹਰ ਪਾਸੇ ਨਸ਼ੇ ਦੀ ਵਿਕਰੀ ਹੋਣ ਦੀਆਂ ਜਾਣਕਾਰੀਆਂ ਲਗਾਤਾਰ ਮਿਲ ਰਹੀਆਂ ਹਨ। ਉੱਧਰ ਰਾਮਬਾਗ ਇਲਾਕੇ ਅਧੀਨ ਆਉਂਦੇ ਹੋਟਲਾਂ ਅਤੇ ਬੱਸ ਅੱਡੇ ਦੇ ਆਲੇ-ਦੁਆਲੇ ਸ਼ਰੇਆਮ ਜਿਸਮ ਫਿਰੋਸ਼ੀ ਦਾ ਧੰਦਾ ਵੀ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਇਸ ਬਾਰੇ ਭਲੀਭਾਂਤ ਜਾਣੂ ਹੈ ਪਰ ਉਹ ਕੁਝ ਦਿਨਾਂ ਬਾਅਦ ਇਕ ਦੋ ਹੋਟਲਾਂ ਵਿਚ ਛਾਪੇਮਾਰੀ ਕਰ ਕੇ ਆਪਣੀ ਡਿਊਟੀ ਖਤਮ ਕਰ ਲੈਂਦੀ ਹੈ।

ਪਿਛਲੇ ਦਿਨੀਂ ਬੱਸ ਅੱਡੇ ਦੇ ਸਾਹਮਣੇ ਹੀ ਜਿਸਮ ਫਿਰੋਸ਼ੀ ਦੇ ਧੰਦੇ ਵਿਚ ਸ਼ਾਮਲ ਇਕ ਪੜ੍ਹੀ ਲਿਖੀ ਕੁੜੀ ਨੇ ਦੱਸਿਆ ਸੀ ਕਿ ਉਸ ਨੂੰ ਆਪਣੇ ਕਿਸੇ ਮਿੱਤਰ ਨਾਲ ਪਹਿਲਾਂ ਨਸ਼ਾ ਕਰਨ ਦੀ ਲੱਤ ਲੱਗ ਗਈ ਅਤੇ ਫਿਰ ਹੌਲੀ ਹੌਲੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਵਾਸਤੇ ਉਹ ਆਪਣਾ ਘਰ ਬਾਹਰ ਛੱਡ ਕੇ ਇਸ ਧੰਦੇ ’ਚ ਪੂਰੀ ਤਰ੍ਹਾਂ ਨਾਲ ਲਿਪਤ ਹੋ ਗਈ। ਜੇਕਰ ਗੱਲ ਕਰੀਏ ਤਾਂ ਅਜਿਹੀਆਂ ਕਈ ਔਰਤਾਂ ਅਤੇ ਲੜਕੀਆਂ ਹੋਰ ਵੀ ਹਨ, ਜੋ ਕਿ ਨਸ਼ੇ ਨੂੰ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਵਾਸਤੇ ਇਹ ਧੰਦਾ ਕਰਨ ਲਈ ਮਜ਼ਬੂਰ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਆਏ ਦਿਨ ਸੋਸ਼ਨ ਮੀਡੀਆ ਹੁੰਦੀਆਂ ਹਨ ਵੀਡੀਓ ਵਾਇਰਲ

ਆਏ ਦਿਨ ਹੀ ਨਸ਼ੇ ਵਿਚ ਧੁੱਤ ਹੋ ਕੇ ਨੌਜਵਾਨ ਲੜਕੇ ਲੜਕੀਆਂ ਦੀਆਂ ਦੀਆਂ ਸੋਸ਼ਲ ਮੀਡੀਆ ’ਤੇ ਆਏ ਦਿਨ ਹੀ ਵੀਡੀਓ ਲਗਾਤਾਰ ਵਾਇਰਲ ਹੋਣਾ, ਇਸ ਦਾ ਜਿਊਦਾ ਜਾਗਦਾ ਸਬੂਤ ਹਨ। ਇਸ ਸਾਰੀ ਸਥਿਤੀ ਤੋਂ ਇਹ ਸਾਬਿਤ ਹੁੰਦਾ ਹੈ ਕਿ ਨਸ਼ੇ ਦਾ ਸਿਕੰਜ਼ਾ ਨੌਜਵਾਨ ਵਰਗ ’ਤੇ ਕਾਫੀ ਕੱਸਿਆ ਗਿਆ ਹੈ। ਭਾਵੇਂ ਸਰਕਾਰ ਨਸ਼ਾ ਖਤਮ ਕਰਨ ਦੇ ਵੱਡੇ ਪੱਧਰ ’ਤੇ ਯਤਨ ਕਰ ਰਹੀ ਹੈ ਪਰ ਸਮਾਂ ਬੀਤਣ ਨਾਲ ਨਸ਼ੇ ਦੀ ਵਿਕਰੀ ਵਿਚ ਹੋਰ ਵਾਧਾ ਹੋਇਆ ਹੈ। ਪਹਿਲਾਂ ਅੰਨਗੜ੍ਹ ਇਲਾਕੇ ਨੂੰ ਨਸ਼ੇ ਦਾ ਗੜ੍ਹ ਕਿਹਾ ਜਾਂਦਾ ਸੀ ਅਤੇ ਹੁਣ ਰਾਮਬਾਗ ਦੇ ਆਲੇ ਦੁਆਲੇ ਦੇ ਇਲਾਕੇ, ਮਕਬੂਲਪੁਰਾ ਦੇ ਇਲਾਕੇ, ਨਵੀਂ ਆਬਾਦੀ ਦੇ ਇਲਾਕੇ ਅਧੀਨ ਆਉਂਦੇ ਕਈ ਇਲਾਕਿਆਂ ਵਿਚ ਨਸ਼ੇ ਦੀ ਵਿਕਰੀ ਕਾਫੀ ਸ਼ਿਖਰਾਂ ’ਤੇ ਪਹੁੰਚ ਚੁੱਕੀ ਹੈ।‌

ਰਾਮਬਾਗ ਇਲਾਕੇ ਦੀ ਸਥਿਤੀ 

ਸ਼ਹਿਰ ਦਾ ਬੱਸ ਅੱਡਾ ਰਾਮਬਾਗ ਥਾਣੇ ਅਧੀਨ ਆਉਂਦਾ ਹੈ। ਜਾਣਕਾਰੀ ਮੁਤਾਬਕ ਇੱਥੇ ਹਰ ਰੋਜ਼ ਇਕ ਲੱਖ ਦੇ ਕਰੀਬ ਯਾਤਰੂ ਆਉਂਦੇ ਹਨ ਪਰ ਹੈਰਾਨੀਜਨ ਗੱਲ ਇਹ ਹੈ ਕਿ ਰਾਮਬਾਗ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਧੰਦਾ ਕਾਫੀ ਵੱਧ ਫੁੱਲ ਚੁੱਕਿਆ ਹੈ। ਜਾਣਕਾਰੀ ਅਨੁਸਾਰ ਬਾਂਸਾਂ ਵਾਲਾ ਬਾਜ਼ਾਰ ਨੇੜੇ ਕੋਈ ਵੀ ਆਮ ਵਿਅਕਤੀ ਪੰਜ ਤੋਂ 10 ਮਿੰਟ ਤੱਕ ਸੜਕ ’ਤੇ ਖੜ੍ਹਾ ਹੁੰਦਾ ਹੈ ਤਾਂ ਕੁਝ ਲੋਕ ਉਸ ਨੂੰ ਆਮ ਹੀ ਆਵਾਜ਼ਾਂ ਮਾਰ ਕੇ ਨਾਜਾਇਜ਼ ਸ਼ਰਾਬ ਬਾਰੇ ਪੁੱਛ ਲੈਂਦੇ ਹਨ, ਕੀ ਤੁਹਾਨੂੰ ਨਾਜਾਇਜ਼ ਸ਼ਰਾਬ ਚਾਹੀਦੀ ਹੈ ਅਤੇ ਕਿੰਨੀ ਮਾਤਰਾ ਵਿਚ ਚਾਹੀਦੀ ਹੈ।

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ

ਪੁਲਸ ਕਾਰਵਾਈ ਤਾਂ ਕਰਦੀ ਹੈ ਪਰ ਹਟਦੇ ਨਹੀਂ ਇਹ ਨਸ਼ਾ ਸਮੱਗਲਰ 

ਸਬੰਧਤ ਪੁਲਸ ਵੱਲੋਂ ਸਮੇਂ-ਸਮੇਂ ’ਤੇ ਨਸ਼ੇ ਦੀਆਂ ਖੇਪਾਂ ਫੜੀਆਂ ਤਾਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਨਸ਼ੇ ਦੀ ਵਿਕਰੀ ਵਿਚ ਕੋਈ ਕਮੀ ਨਹੀਂ ਵੇਖੀ ਜਾ ਰਹੀ ਹੈ, ਜਦਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਵਿਚ ਹੀ ਇਸ ਇਨ੍ਹਾਂ ਇਲਾਕਿਆਂ ਵਿਚ ਨਸ਼ੇ ਦੀ ਵਿਕਰੀ ਹੋਰ ਵਧੀ ਹੈ।  ਪਿਛਲੇ ਦਿਨੀਂ ਥਾਣਾ ਰਾਮਬਾਗ ਦੀ ਪੁਲਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਇੱਥੇ ਇੱਕ ਸ਼ਰਾਬ ਦੀ ਖੇਪ ਫੜੀ ਸੀ, ਜਿਸ ਦੌਰਾਨ ਛਾਪੇਮਾਰੀ ਕੀਤੀ ਸੀ ਉਸ ਵੇਲੇ ਇਕ ਨਸ਼ਾ ਸਮੱਗਲਰ ਵਲੋਂ ਪੁਲਸ ਦੇ ਹੌਲਦਾਰ ਨੂੰ ਹੀ ਮੌਕੇ ’ਤੇ ਜੱਫਾ ਪਾ ਲਿਆ ਅਤੇ ਹੱਥੋਪਾਈ ਤੱਕ ਕੀਤੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਨ੍ਹਾਂ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕਿਸਮ ਦਾ ਹੁਣ ਕੋਈ ਖੌਫ ਨਹੀਂ ਰਹਿ ਗਿਆ ਹੈ ਅਤੇ ਇਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ‌

ਬੱਸ ਅੱਡੇ ਦੇ ਆਲੇ-ਦੁਆਲੇ ਵੀ ਵਿਕਦੈ ਨਸ਼ਾ

ਸੂਤਰਾਂ ਦਾ ਕਹਿਣਾ ਹੈ ਕਿ ਬੱਸ ਸਾਡੇ ਆਲੇ-ਦੁਆਲੇ ਦੇ ਇਲਾਕਿਆਂ ’ਤੇ ਵੀ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਿਛਲੇ ਦਿਨੀ ਪੁਲਸ ਨੇ ਇਸ ਬਾਰੇ ਵੀ ਕਾਰਵਾਈ ਕੀਤੀ ਸੀ ਪਰ ਪੁਲਸ ਮਾਮਲੇ ਦਰਜ ਕਰਨ ਤੱਕ ਹੀ ਸੀਮਤ ਰਹਿੰਦੀ ਹੈ, ਜਿਸ ਕਰ ਕੇ ਇਸ ਇਲਾਕੇ ਵਿਚ ਸ਼ਰੇਆਮ ਨਸ਼ਾ ਵਿੱਕਣ ਦੀਆਂ ਸੂਚਨਾਵਾਂ ਆਮ ਹੀ ਮਿਲ ਰਹੀਆਂ ਹਨ। ‌ 

ਇਹ ਵੀ ਪੜ੍ਹੋ- ਨਸ਼ੇ ਨੇ ਮਾੜਾ ਕੀਤਾ ਜਵਾਨੀ ਦਾ ਹਾਲ, ਸੜਕਾਂ 'ਤੇ ਝੂੰਮਦਾ ਨਜ਼ਰ ਆਇਆ ਨੌਜਵਾਨ

ਪੁਲਸ ਨੂੰ ਲਗਾਤਾਰ ਕਰਨੀ ਚਾਹੀਦੀ ਹੈ ਛਾਪੇਮਾਰੀ

ਪੁਲਸ ਨੂੰ ਇਨ੍ਹਾਂ ਇਲਾਕਿਆਂ ਵਿਚ ਲਗਾਤਾਰ ਛਾਪੇਮਾਰੀ ਕਰਨੀ ਪਵੇਗੀ ਤਾਂ ਹੀ ਨਸ਼ੇ ’ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਬਾਅਦ ਇਕ ਦੋ ਵਾਰੀ ਛਾਪੇਮਾਰੀ ਕਰ ਕੇ ਇਕ ਦੋ ਹੋਟਲਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਇਸ ਜਿਸਮ ਫਿਰੋਸ਼ੀ ਅਤੇ ਨਸ਼ੇ ਧੰਦੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਅਤੇ ਜਿਸਮ ਫਿਰੋਸ਼ੀ ਦੇ ਧੰਦੇ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਾਉਣੀ ਚਾਹੀਦੀ ਹੈ, ਤਾਂ ਪੁਲਸ ਨੂੰ ਨਸ਼ੇ ਦੇ ਵਿਰੁੱਧ ਲਗਾਤਾਰ ਹੀ ਕੋਈ ਵੱਡਾ ਆਪਰੇਸ਼ਨ ਚਲਾਉਣਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News