ਗੁਰੂ ਨਗਰੀ ਦੇ ਬੱਸ ਸਟੈਂਡ ''ਤੇ ਹੋਵੇਗਾ ਵੱਡਾ ਹੰਗਾਮਾ
Wednesday, Sep 20, 2017 - 06:57 AM (IST)

ਅੰਮ੍ਰਿਤਸਰ, (ਛੀਨਾ)- ਗੁਰੂ ਨਗਰੀ ਦੇ ਬੱਸ ਸਟੈਂਡ 'ਤੇ ਕੁਝ ਹੀ ਦਿਨਾਂ 'ਚ ਵੱਡਾ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਬਣ ਗਈ ਹੈ ਕਿਉਂਕਿ ਬੱਸ ਸਟੈਂਡ ਤੋਂ ਨਾਜਾਇਜ਼ ਚੱਲਣ ਵਾਲੀਆਂ ਬੱਸਾਂ ਖਿਲਾਫ ਸੰਘਰਸ਼ ਦਾ ਬਿਗੁਲ ਵਜਾਉਣ ਵਾਲੀ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੀ ਹਮਾਇਤ 'ਤੇ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਤੋਂ ਬਾਅਦ ਬੱਸ ਸਟੈਂਡ ਦੇ ਕੁਲੀ ਅਤੇ ਆਟੋ ਚਾਲਕ ਵੀ ਨਿੱਤਰ ਆਏ ਹਨ।
ਇਸ ਮਸਲੇ ਸਬੰਧੀ ਅੱਜ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਆਟੋ ਚਾਲਕ ਏਕਤਾ ਯੂਨੀਅਨ ਦੇ ਪ੍ਰਧਾਨ ਤੀਰਥ ਸਿੰਘ ਕੋਹਾਲੀ ਤੇ ਕੁਲੀ ਯੂਨੀਅਨ ਦੇ ਪ੍ਰਧਾਨ ਸ਼ਨਾਗ ਸਿੰਘ ਪਹਿਲਵਾਨ ਨੇ ਕਿਹਾ ਕਿ ਬੱਸ ਸਟੈਂਡ ਤੋਂ ਚੱਲਣ ਵਾਲੀਆਂ ਨਾਜਾਇਜ਼ ਬੱਸਾਂ 'ਤੇ ਰੋਕ ਲਾਉਣ ਲਈ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਜੋ ਸੰਘਰਸ਼ ਆਰੰਭਿਆ ਗਿਆ ਹੈ, ਉਸ ਦੀ ਸਫਲਤਾ ਵਾਸਤੇ ਅਸੀਂ ਵੀ ਪੂਰੀ ਦ੍ਰਿੜ੍ਹਤਾ ਨਾਲ ਸਾਥ ਦਿਆਂਗੇ। ਇਸ ਮੌਕੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਸੈਕਟਰੀ ਬਲਦੇਵ ਸਿੰਘ ਬੱਬੂ ਤੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਵਾਰ ਦਾ ਸੰਘਰਸ਼ ਇਕ ਵੱਖਰਾ ਹੀ ਰੰਗ ਦਿਖਾਏਗਾ, ਅਸੀਂ ਤਾਂ ਨਾਜਾਇਜ਼ ਬੱਸਾਂ ਰੋਕਣ ਲਈ ਕਮਰਕੱਸੇ ਕਰ ਕੇ ਤਿਆਰ ਹੋ ਗਏ ਹਾਂ ਤੇ ਜੇਕਰ ਕਿਸੇ ਧੱਕੇਸ਼ਾਹ ਬੱਸ ਕੰਪਨੀ ਦੇ ਮਾਲਕ 'ਚ ਹਿੰਮਤ ਹੈ ਤਾਂ ਉਹ ਸਾਡੇ ਸੰਘਰਸ਼ ਵਾਲੇ ਦਿਨ ਆਪਣੀ ਨਾਜਾਇਜ਼ ਬੱਸ ਚਲਾ ਕੇ ਦਿਖਾਵੇ।
ਇਸ ਸਮੇਂ ਬਲਵਿੰਦਰ ਸੰਘ ਮੂਧਲ, ਕੰਵਲਪ੍ਰੀਤ ਸਿੰਘ ਕੰਵਲ, ਲੱਖਾ ਸਿੰਘ ਸਰਾਂ, ਬਲਬੀਰ ਸਿੰਘ ਬੀਰਾ, ਸੁਰਜੀਤ ਸਿੰਘ, ਗੁਰਦੇਵ ਸਿੰਘ ਕੋਹਾਲਾ, ਜਸਪਾਲ ਸਿੰਘ, ਰਾਜ ਕੁਮਾਰ, ਹਰਦੀਪ ਸਿੰਘ, ਰਾਮ ਸਿੰਘ, ਸੁਖਚੈਨ ਸਿੰਘ ਖੈਰਾਬਾਦ, ਸ਼ਰਨਜੀਤ ਸਿੰਘ, ਪ੍ਰਤਾਪ ਸਿੰਘ, ਬਾਜ ਸਿੰਘ, ਅਸ਼ਵਨੀ ਕੁਮਾਰ, ਮੁਖਤਾਰ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ।