ਭੋਗਪੁਰ ਅਗਵਾ ਮਾਮਲੇ ਦਾ ਸੱਚ ਆਇਆ ਸਾਹਮਣੇ, ਪਰਿਵਾਰ ਨੇ ਦਿੱਤਾ ਭੇਤ
Sunday, Jul 05, 2020 - 04:35 PM (IST)
ਭੋਗਪੁਰ (ਰਾਜੇਸ਼ ਸੂਰੀ) - ਬੀਤੇ ਸ਼ੁਕਰਵਾਰ ਭੋਗਪੁਰ ਸ਼ਹਿਰ ਦੇ ਮੁਹੱਲਾ ਸ੍ਰੀ ਗੁਰੂ ਰਾਮਦਾਸ ਨਗਰ ਵਿਚੋਂ ਇਕ ਨੌਜਵਾਨ ਨੂੰ ਅਗਵਾ ਕੀਤੇ ਜਾਣ ਦੇ ਮਾਮਲਾ ਵਿਚ ਭੋਗਪੁਰ ਪੁਲਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਸ਼ੁਕਰਵਾਰ ਸ਼ਾਮ ਸਮੇਂ ਹੀ ਇਸ ਨੌਜਵਾਨ ਨੂੰ ਵਾਪਸ ਥਾਣਾ ਭੋਗਪੁਰ ਲਿਆਂਦਾ ਸੀ। ਇਸ ਸਬੰਧੀ ਇਕੱਤਰ ਕੀਤੀ ਗਈ। ਜਾਣਕਾਰੀ ਅਨੁਸਾਰ ਮਲਕੀਤ ਸ਼ਰਮਾ ਪੁੱਤਰ ਤਿਲਕ ਰਾਜ ਦਾ ਅਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਥਾਣਾ ਭੋਗਪੁਰ ਵਿਚ ਦੋਨਾਂ ਧਿਰਾਂ ਖਿਲਾਫ ਬੀਤੇ ਦਿਨੀਂ ਸੱਤ ਇਕਵੰਜਾ ਦਾ ਮਾਮਲਾ ਵੀ ਦਰਜ ਹੋ ਚੁੱਕਾ ਹੈ। ਸ਼ੁਕਰਵਾਰ ਇਕ ਕਾਰ ਵਿਚ ਸਵਾਰ ਨੌਜਵਾਨ ਮਲਕੀਤ ਸ਼ਰਮਾ ਦੇ ਘਰ ਪੁੱਜੇ ਸਨ। ਇਹ ਨੌਜਵਾਨਾਂ ਨੇ ਮਲਕੀਤ ਦੇ ਘਰ ਦੀ ਕੰਧ ਟੱਪ ਘਰ ਦੇ ਅੰਦਰ ਦਾਖਲ ਹੋਏ ਅਤੇ ਭੇਦਭਰੇ ਹਾਲਾਤ ਵਿਚ ਮਲਕੀਤ ਨੂੰ ਅਾਪਣੇ ਨਾਲ ਕਾਰ ਵਿਚ ਬਿਠਾ ਕੇ ਲੈ ਗਏ। ਇਸ ਮਾਮਲੇ ਸਬੰਧੀ ਜਦੋਂ ਕੌਂਸਲਰ ਸੁਖਜੀਤ ਸਿੰਘ ਸੈਣੀ, ਸਮਾਜਸੇਵੀ ਮਨਮੀਤ ਵਿੱਕੀ, ਪਵਨ ਭੱਟੀ ਅਤੇ ਮੁਹੱਲਾ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਥਾਣੇ ਪੁੱਜ ਗਏ ਅਤੇ ਥਾਣਾ ਮੁੱਖੀ ਜਰਨੈਲ ਸਿੰਘ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਮਲਕੀਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਗਵਾ ਕਰਵਾਏ ਜਾਣ ਦਾ ਸ਼ੱਕ ਪ੍ਰਗਟ ਕੀਤਾ। ਪੁਲਸ ਨੇ ਤੁਰੰਤ ਮਲਕੀਤ ਸ਼ਰਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਲਕੀਤ ਨਸ਼ਾ ਕਰਦਾ ਸੀ ਇਸ ਲਈ ਉਨ੍ਹਾਂ ਨੇ ਉਸ ਨੂੰ ਤਰਨਤਾਰਨ ਸਥਿਤ ਇਕ ਨਸ਼ਾ ਛੁਡਾਓ ਕੇਂਦਰ ਭੇਜਿਆ ਹੈ। ਥਾਣਾ ਮੁੱਖੀ ਵੱਲੋਂ ਨਸ਼ਾ ਛੁਡਾਓ ਕੇਂਦਰ ਦੇ ਸੰਚਾਲਕ ਨਾਲ ਗੱਲ ਕਰ ਕੇ ਮਲਕੀਤ ਨੂੰ ਤੁਰੰਤ ਥਾਣਾ ਭੋਗਪੁਰ ਲੈ ਕੇ ਆਉਣ ਲਈ ਕਿਹਾ, ਜਿਸ ਤੋਂ ਬਾਅਦ ਸ਼ੁਕਰਵਾਰ ਦੇਰ ਸ਼ਾਮ ਮਲਕੀਤ ਥਾਣਾ ਭੋਗਪੁਰ ਪੁੱਜ ਗਿਆ। ਪੁਲਸ ਵੱਲੋਂ ਮਲਕੀਤ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਉਸ ਨੂੰ ਮੁਹੱਲਾ ਵਾਸੀਆਂ ਨੂੰ ਸੌਂਪ ਦਿੱਤਾ।
ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਫੋਨ ’ਤੇ ਜਾਤੀ ਸੂਚਕ ਕਹਿਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ
ਇਸ ਮਾਮਲੇ ਦੇ ਨਾਲ-ਨਾਲ ਮੁਹੱਲਾ ਸ੍ਰੀ ਗੁਰੂ ਰਾਮਦਾਸ ਨਗਰ ਦੇ ਵਾਸੀਆਂ ਨੇ ਥਾਣਾ ਭੋਗਪੁਰ ਵਿਚ ਉਨ੍ਹਾਂ ਨੂੰ ਫੋਨ ਰਾਹੀਂ ਮਲਕੀਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਤੀ ਸੂਚਕ ਸ਼ਬਦ ਕਹੇ ਜਾਣ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸ਼ਿਕਾਇਤ ਵਿਚ ਉਨ੍ਹਾਂ ਦੋਸ਼ ਲਾਏ ਹਨ ਕਿ ਮਲਕੀਤ ਸ਼ਰਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਵਾਦ ਦੇ ਚਲਦਿਆਂ ਵੀਰਵਾਰ ਰਾਤ ਮਲਕੀਤ ਸ਼ਰਮਾਂ ਦੇ ਫੋਨ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਸੀ। ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਮਲਕੀਤ ਨੂੰ ਬੂਟਾ ਸਿੰਘ ਅਤੇ ਕਸ਼ਮੀਰਾ ਸਿੰਘ ਨਾਲ ਫੋਨ ’ਤੇ ਗੱਲ ਕਰਵਾਉਣ ਲਈ ਕਿਹਾ ਸੀ। ਉਸ ਸਮੇਂ ਮਲਕੀਤ ਦੇ ਘਰ ਮੁਹੱਲੇ ਦੇ ਕਈ ਲੋਕ ਇਕੱਠੇ ਹੋਏ ਸਨ। ਮਲਕੀਤ ਨੇ ਅਪਣੇ ਫੋਨ ਦਾ ਸਪੀਕਰ ਆਨ ਕਰ ਕੇ ਬੂਟਾ ਸਿੰਘ ਅਤੇ ਕਸ਼ਮੀਰਾ ਸਿੰਘ ਦੀ ਗੱਲ ਅਪਣੇ ਪਰਿਵਾਰਕ ਮੈਂਬਰਾਂ ਨਾਲ ਕਰਵਾਈ ਤਾਂ ਮਲਕੀਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਕਹਿੰਦਆਂ ਗਾਲੀ ਗਲੋਚ ਕੀਤਾ। ਉਨ੍ਹਾਂ ਪੁਲਸ ਪਾਸੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਕੌਂਸਲਰ ਸੁਖਜੀਤ ਸਿੰਘ ਸੈਣੀ, ਮਨਮੀਤ ਵਿੱਕੀ, ਪਵਨ ਭੱਟੀ, ਨਰਿੰਦਰ ਨਿੰਦੀ, ਬੂਟਾ ਸਿੰਘ, ਕੁਲਵਿੰਦਰ ਸਿੰਘ, ਬਲਵੰਤ ਜੈਦ, ਕਸ਼ਮੀਰ ਸਿੰਘ ਅਤੇ ਮੁਹੱਲਾ ਵਾਸੀ ਆਦਿ ਹਾਜ਼ਰ ਸਨ। ਖਬਰ ਲਿੱਖੇ ਜਾਣ ਤੱਕ ਪੁਲਸ ਵੱਲੋਂ ਦੋਨਾਂ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।