ਅੱਗ ਲੱਗਣ ਨਾਲ ਵਿਧਵਾ ਔਰਤ ਦਾ ਘਰ ਤੇ ਸਾਮਾਨ ਸੜ ਕੇ ਸੁਆਹ
Tuesday, Mar 06, 2018 - 06:54 AM (IST)

ਦੇਵੀਗੜ੍ਹ, (ਭੁਪਿੰਦਰ)- ਇੱਥੋਂ ਨੇੜਲੇ ਪਿੰਡ ਬਹਿਰੂ 'ਚ ਬੀਤੀ ਸ਼ਾਮ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ-ਸਰਕਟ ਨਾਲ ਇਕ ਗਰੀਬ ਵਿਧਵਾ ਔਰਤ ਦਾ ਘਰ ਅਤੇ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਪਿੰਡ ਬਹਿਰੂ ਦੀ ਰਜ਼ੀਆ ਪਤਨੀ ਸਵ. ਮੁਹਮੰਦ ਸਲੀਮ ਜਿਸਦਾ ਘਰ ਪਿੰਡ 'ਚ ਪੀਰ ਦੀ ਦਰਗਾਹ ਨੇੜੇ ਸਥਿਤ ਹੈ। ਬੀਤੀ ਸ਼ਾਮ ਜਦੋਂ ਪਰਿਵਾਰ ਦੇ ਮੈਂਬਰ ਘਰੋਂ ਬਾਹਰ ਗਏ ਹੋਏ ਸਨ ਤਾਂ ਅਚਾਨਕ ਬਿਜਲੀ ਦੀ ਤਾਰਾਂ ਦੇ ਆਪਸ 'ਚ ਜੁੜਨ ਕਰ ਕੇ ਘਰ ਨੂੰ ਅੱਗ ਲੱਗ ਗਈ। ਘਟਨਾ ਦਾ ਜਦੋਂ ਆਂਢ-ਗੁਆਂਢ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਦੇ ਨਾਲ-ਨਾਲ ਅੱਗ ਬੁਝਾਉਣ ਦੇ ਉਪਰਾਲੇ ਵੀ ਸ਼ੁਰੂ ਕਰ ਦਿੱਤੇ। ਛੱਤ ਲੱਕੜ ਦੇ ਬਾਲਿਆਂ ਦੀ ਹੋਣ ਕਾਰਨ ਅੱਗ ਨੇ ਸਾਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਵਾ ਔਰਤ ਰਜ਼ੀਆ ਦੀ ਮਾਤਾ ਨੇੜਲੇ ਇਕ ਸਕੂਲ ਵਿਚ ਸੇਵਾਦਾਰ ਲੱਗੀ ਹੋਈ ਸੀ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਘਰ 'ਚ ਪਏ ਸਾਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ਦੀ ਛੱਤ, ਦਰਵਾਜ਼ੇ ਤੇ ਖਿੜਕੀਆਂ ਲੱਕੜ ਦੀਆਂ ਹੋਣ ਕਾਰਨ ਅੱਗ ਨੇ ਤੇਜ਼ੀ ਨਾਲ ਘਰ 'ਚ ਪਏ ਸਾਮਾਨ ਨੂੰ ਆਪਣੀ ਲਪੇਟ 'ਚ ਲੈ ਲਿਆ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਜ਼ੁਲਕਾ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਸਮੇਤ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।