ਮੁਫ਼ਤ ਬਿਜਲੀ ਦਾ ਐਲਾਨ ਆਰਥਿਕ ਹਾਲਤ ਨਾਲ ਜੂਝ ਰਹੀ ਪਾਵਰਕਾਮ ਦਾ ਧੂੰਆਂ ਨੇ ਕੱਢ ਦੇਵੇ

Tuesday, Apr 19, 2022 - 03:00 PM (IST)

ਸੁਲਤਾਨਪੁਰ ਲੋਧੀ (ਧੀਰ)- ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਾਰੰਟੀ ਕਰ ਕੇ ਸੱਤਾ ’ਚ ਆਈ ਭਗਵੰਤ ਮਾਨ ਸਰਕਾਰ ਵੱਲੋਂ 1 ਜੁਲਾਈ ਤੋਂ ਮੁਫ਼ਤ ਬਿਜਲੀ ਦੇਣ ਦਾ ਕੀਤਾ ਐਲਾਨ ਆਰਥਿਕ ਹਾਲਾਤ ਤੋਂ ਜੂਝ ਰਹੀ ਪਾਵਰਕਾਮ ਦਾ ਕਿਤੇ ਹੋਰ ਧੂੰਆਂ ਨਾ ਕੱਢ ਦੇਵੇ। ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇਣ ਦਾ ਐਲਾਨ ਤਾਂ ਕਰ ਦਿੱਤਾ ਜਾਂਦਾ ਹੈ ਪਰ ਉਸ ਦੀ ਬਣਦੀ ਸਬਸਿਡੀ ਸਮੇਂ ਸਿਰ ਪਾਵਰਕਾਮ ਨੂੰ ਮੁਹੱਈਆ ਨਹੀ ਕਰਵਾਈ ਜਾਂਦੀ, ਜਿਸ ਕਾਰਨ ਵਧਦਾ ਆਰਥਿਕ ਪਾਡ਼ਾ ਪਾਵਰਕਾਮ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ: ਪੁਲਸ ਚੌਕੀ 'ਚ ਚੱਲ ਰਹੇ ਸਨ ਪੈੱਗ, 'ਆਪ' ਵਿਧਾਇਕ ਦੀ ਛਾਪੇਮਾਰੀ 'ਤੇ ਇੰਚਾਰਜ ਖ਼ਿਲਾਫ਼ ਵੱਡੀ ਕਾਰਵਾਈ

ਮਾਨ ਸਰਕਾਰ ਵੱਲੋਂ 1 ਜੁਲਾਈ ਤੋਂ 300 ਯੂਨਿਟ ਦੇ ਕੀਤੇ ਐਲਾਨ ਸਮੇਤ ਹੋਰ ਰਿਆਇਤਾਂ ਨਾਲ ਪਾਵਰਕਾਮ ਦੇ ਸਿਰ ਇਕ ਸਾਲ ਦਾ ਕਰੀਬ 14 ਹਜ਼ਾਰ ਕਰੋਡ਼ ਦਾ ਬੋਝ ਪਵੇਗਾ। ਮਾਹਿਰਾਂ ਅਨੁਸਾਰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੱਗਭਗ ਪੰਜਾਬ ਦੇ 60 ਲੱਖ ਤੋਂ ਵੱਧ ਖਪਤਕਾਰਾਂ ਨੂੰ ਹੋਵੇਗਾ। ਉਂਝ ਜਨਰਲ ਵਰਗ ’ਚ ਇਸ ਗੱਲ ਦਾ ਰੋਸ ਵੀ ਹੈ ਕਿ ਜੇਕਰ 600 ਤੋਂ ਵੱਧ ਇਕ ਯੂਨਿਟ ਵੀ ਬਿਜਲੀ ਫੂਕੀ ਗਈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਪਲੇਟਫਾਰਮ ’ਤੇ ਜਨਰਲ ਵਰਗ ਵੱਲੋਂ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ 600 ਤੋਂ ਵੱਧ ਯੂਨਿਟ ਫੂਕੀ ਗਈ ਤਾਂ ਉਸ ਦਾ ਹੀ ਬਿੱਲ ਅਦਾ ਕਰਨਾ ਪਵੇਗਾ, ਜਦਕਿ ਹੁਣ ਸਰਕਾਰ ਆਉਣ ਤੋਂ ਬਾਅਦ ਪਲਟੀ ਮਾਰ ਲਈ ਗਈ ਹੈ। ਇੱਥੇ ਇਹ ਵਰਨਣਯੋਗ ਹੈ ਕਿ ਸਰਕਾਰ ਵੱਲੋਂ ਜੋ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਸਬਸਿਡੀ ਸਰਕਾਰ ਵੱਲੋਂ ਪਾਵਰਕਾਮ ਨੂੰ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ:  CM ਮਾਨ ਦਾ ਬਿਆਨ, ਪਹਾੜੀਆਂ ਦੀਆਂ ਜੜ੍ਹਾਂ ’ਚ ਪਿਆ ਹੈ ਪੰਜਾਬ ਸਿਰ ਚੜ੍ਹਿਆ ਕਰਜ਼ਾ, ਕਰਨੀ ਹੈ ਰਿਕਵਰੀ

ਇੱਥੇ ਇਹ ਪਾਵਰਕਾਮ ਲਈ ਮੁਸ਼ਕਲ ਖਡ਼੍ਹੀ ਹੁੰਦੀ ਹੈ ਕਿ ਸਰਕਾਰ ਐਲਾਨ ਤਾਂ ਕਰ ਦਿੰਦੀ ਹੈ ਪਰ ਸਬਸਿਡੀ ਕਦੇ ਵੀ ਸਮੇਂ ਸਿਰ ਨਹੀ ਦਿੱਤੀ ਜਾਂਦੀ। ਸਰਕਾਰ ਵੱਲ ਪਾਵਰਕਾਮ ਦਾ 7 ਹਜ਼ਾਰ ਕਰੋਡ਼ ਤੋਂ ਵੱਧ ਪੈਂਡਿੰਗ ਖਡ਼੍ਹਾ ਹੈ, ਜਿਸ ਕਾਰਨ ਪਾਵਰਕਾਮ ਮੌਜੂਦਾ ਸਮੇਂ ਕਰਜ਼ੇ ਨਾਲ ਜੂਝ ਰਹੀ ਹੈ। ਪਾਵਰਕਾਮ ਸਿਰ ਵੱਖ-ਵੱਖ ਬੈਂਕਾਂ ਸਮੇਤ ਹੋਰ ਦੇਣਦਾਰੀਆਂ ਦਾ 16 ਹਜ਼ਾਰ ਕਰੋਡ਼ ਤੋਂ ਵੱਧ ਦਾ ਕਰਜ਼ਾ ਖਡ਼੍ਹਾ ਹੈ, ਜਦਕਿ ਆਏ ਸਾਲ ਇਸ ਦਾ ਵਿਆਜ ਹੀ ਕਰੋਡ਼ਾਂ ’ਚ ਅਦਾ ਕਰਨਾ ਪੈ ਰਿਹਾ ਹੈ। ਪਾਵਰਕਾਮ ਦੇ ਇਕ ਸਾਬਕਾ ਅਧਿਕਾਰੀ ਦਾ ਕਹਿਣਾ ਹੈ ਕਿ ਮੁਫ਼ਤ ਬਿਜਲੀ ਪਾਵਰਕਾਮ ਦਾ ਧੂੰਆਂ ਕੱਢ ਦੇਵੇਗੀ, ਕਿਉਂਕਿ ਮੌਜੂਦਾ ਸਮੇਂ ਪਾਵਰਕਾਮ ਜਿੱਥੇ ਕੋਲੇ ਦੀ ਘਾਟ ਨਾਲ ਜੂਝ ਰਹੀ ਹੈ ਉੱਥੇ ਹੀ ਖਪਤਕਾਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਕਰਜ਼ੇ ਲੈ ਕੇ ਡੰਗ ਸਾਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਆਮ ਲੋਕਾਂ ਨੂੰ ਮੁਫ਼ਤ ਦੇ ਚੋਗੇ ਪਾਉਣ ਦੀ ਥਾਂ ਘੱਟ ਰੇਟ ਦੇ ਕੇ ਲੋਕਾਂ ਨੂੰ ਰਾਹਤ ਦੇਣ। ਉਨ੍ਹਾਂ ਕਿਹਾ ਕਿ ਗਰਮੀ ਤੇ ਝੋਨੇ ਦੇ ਸੀਜ਼ਨ ’ਚ ਇਸ ਵਾਰ ਆਮ ਲੋਕਾਂ ਨੂੰ ਬਿਜਲੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਧਰ ਸਰਕਾਰ ਦੇ ਇਸ ਐਲਾਨ ਸਬੰਧੀ ਜੋ ਪਾਵਰਕਾਮ ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਆਊਟ ਆਫ ਰੀਚ ਆਇਆ।

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News