ਕਿਸਾਨਾਂ ਦੀ ਫਸਲ ਨੂੰ ਪਕਾਉਣ ਲਈ ਪੁਲਸ ਦੀ ਅਗਵਾਈ ''ਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪਾਮਾਰੀ
Friday, Aug 11, 2017 - 02:18 AM (IST)
ਬੁਢਲਾਡਾ, (ਬਾਂਸਲ, ਮਨਚੰਦਾ)- ਸਾਉਣੀ ਦੀ ਫਸਲ ਨੂੰ ਮੱਦੇਨਜ਼ਰ ਰੱਖਦਿਆਂ ਖਾਦ, ਬੀਜ ਤੇ ਕੀਟਨਾਸ਼ਕ ਦਵਾਈਆਂ ਦੀ ਸ਼ੁੱਧਤਾ ਨੂੰ ਬਹਾਲ ਰੱਖਣ ਲਈ ਖੇਤੀਬਾੜੀ ਵਿਭਾਗ ਵੱਲੋਂ ਡੀ. ਐੱਸ. ਪੀ. ਬੁਢਲਾਡਾ ਮਨਵਿੰਦਰ ਵੀਰ ਸਿੰਘ ਦੀ ਅਗਵਾਈ 'ਚ ਸ਼ਹਿਰ ਦੀਆਂ ਕੀਟਨਾਸ਼ਕ, ਬੀਜ ਵਿਕਰੇਤਾ ਅਤੇ ਖਾਦ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਸੈਂਪਲ ਭਰੇ ਗਏ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਏ. ਡੀ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਛਾਪੇਮਾਰੀ ਡੁਪਲੀਕੇਟ ਕਿਰਸਾਨੀ ਸਮੱਗਰੀ ਨੂੰ ਰੋਕਣ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਪੈਦਾਵਾਰ ਦੇ ਮੱਦੇਨਜ਼ਰ ਇਸ ਵਾਰ ਸਾਉਣੀ ਦੀ ਫਸਲ ਲਈ ਵਰਤੋਂ 'ਚ ਆਉਣ ਵਾਲੀਆਂ ਬੀਜ ਤੇ ਖਾਦ ਦੀ ਗੁਣਵੱਤਾ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਦੁਕਾਨਦਾਰ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਘਟੀਆ ਕੁਆਲਿਟੀ ਦੀ ਵਰਤੋਂ ਨਾ ਕਰ ਸਕਣ।
ਉਨ੍ਹਾਂ ਕਿਹਾ ਕਿ ਸਾਉਣੀ ਦੀ ਫਸਲ ਪਕਾਉਣ ਸਮੇਂ ਬਾਰਿਸ਼ਾਂ ਦੇ ਦਿਨਾਂ 'ਚ ਰਸ ਚੁਸੂ ਕੀੜੇ ਵੱਧ ਜਾਂਦੇ ਹਨ, ਜਿਸ ਕਾਰਨ ਮਾਨਸੂਨ ਦੇ ਕਾਰਨ ਫਸਲ ਹੇਠ ਖੁਸ਼ਕੀ ਵਧ ਜਾਂਦੀ ਹੈ। ਅਜਿਹੀ ਸਥਿਤੀ 'ਚ ਕਿਸਾਨ ਫਸਲ ਦਾ ਸਭ ਤੋਂ ਮਦਦਗਾਰ ਹੁੰਦਾ ਹੈ ਪਰ ਕਿਸਾਨਾਂ ਦੀ ਅਣਗਹਿਲੀ ਅਤੇ ਵਾਤਾਵਰਣ ਦੇ ਅਨੁਕੂਲ ਨਾ ਹੋਣ ਕਾਰਨ ਫਸਲ ਦਾ ਨੁਕਸਾਨ ਵੱਧ ਹੋਣ ਦਾ ਡਰ ਬਣਿਆ ਰਹਿੰਦਾ ਹੈ ਤੇ ਇਸ ਦੀ ਜ਼ਿੰਮੇਵਾਰੀ ਕਿਰਸਾਨੀ ਦੇ ਸਿਸਟਮ 'ਤੇ ਥੋਪ ਦਿੱਤੀ ਜਾਂਦੀ ਹੈ।
ਇਸ ਦੌਰਾਨ ਡੀ. ਐੱਸ. ਪੀ. ਮਨਵਿੰਦਰ ਵੀਰ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਦਰਸਾਏ ਗਏ ਨਿਯਮਾਂ ਅਨੁਸਾਰ ਹੀ ਕਿਸਾਨਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਡੁਪਲੀਕੇਟ ਅਤੇ ਘਟੀਆ ਕੁਆਇਲਟੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਜ ਦੀ ਇਹ ਚੈਕਿੰਗ ਦੁਕਾਨਦਾਰਾਂ ਨੂੰ ਸੁਚੇਤ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕੁਆਲਿਟੀ ਅਤੇ ਨਕਲੀ ਦਵਾਈ ਦਾ ਕੋਈ ਮਾਮਲਾ ਧਿਆਨ 'ਚ ਆਉਂਦਾ ਹੈ ਤਾਂ ਤੁਰੰਤ ਪੁਲਸ ਅਤੇ ਵਿਭਾਗ ਨੂੰ ਸੂਚਿਤ ਕਰਨ।
ਇਸ ਮੌਕੇ ਐੱਸ. ਐੱਚ. ਓ. ਸਿਟੀ ਬਲਵਿੰਦਰ ਸਿੰਘ ਰੋਮਾਣਾ ਨੇ ਦੁਕਾਨਦਾਰਾਂ ਨੂੰ ਖਰੀਦ ਵੇਚ ਦਾ ਰਿਕਾਰਡ ਮੁਕੰਮਲ ਕਰਨ ਦੀ ਹਦਾਇਤ ਕੀਤੀ, ਜਿਸ ਦੀ ਬਾਅਦ 'ਚ ਚੈਕਿੰਗ ਕੀਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਏ. ਡੀ. ਓ. ਸੰਦੀਪ ਬਹਿਲ, ਸਹਾਇਕ ਥਾਣੇਦਾਰ ਜਸਕਰਨ ਸਿੰਘ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
