ਸਕੂਲ ''ਚ ਏ. ਸੀ. ਲਾਉਣ ਦੇ ਨਾਂ ''ਤੇ ਬੱਚਿਆਂ ਤੋਂ ਪੈਸੇ ਮੰਗਣ ਦਾ ਦੋਸ਼ : ਮਾਪਿਆਂ ਲਾਇਆ ਧਰਨਾ
Sunday, Sep 03, 2017 - 12:31 PM (IST)

ਸਮਾਣਾ(ਦਰਦ) - ਇਲਾਕੇ ਦੇ ਇਕ ਨਿੱਜੀ ਸਕੂਲ ਪ੍ਰਬੰਧਕਾਂ 'ਤੇ ਸਕੂਲ ਵਿਚ ਏ. ਸੀ. ਲਾਉਣ ਦੇ ਨਾਂ 'ਤੇ ਬੱਚਿਆਂ ਤੋਂ ਵੱਧ ਪੈਸੇ ਮੰਗਣ ਦਾ ਦੋਸ਼ ਲੱਗਾ ਹੈ। ਭੜਕੇ ਮਾਪਿਆਂ ਨੇ ਸਕੂਲ ਅੱਗੇ ਸਟੇਟ ਹਾਈਵੇ 'ਤੇ ਧਰਨਾ ਲਾ ਕੇ ਆਪਣਾ ਰੋਸ ਪ੍ਰਗਟ ਕੀਤਾ। ਉਨ੍ਹਾਂ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਖਤ ਸੰਘਰਸ਼ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਮਾਪਿਆਂ ਸੁਨੀਲ ਬੱਬਰ, ਨਵੀਨ ਬੱਬਰ, ਜਸਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਸਣੇ ਹੋਰਨਾਂ ਨੇ ਦੋਸ਼ ਲਾਇਆ ਕਿ ਸਕੂਲ ਵੱਲੋਂ ਪਹਿਲਾਂ ਹੀ ਵਧਾਈਆਂ ਫੀਸਾਂ ਉਹ ਐਡਵਾਂਸ ਭਰ ਚੁੱਕੇ ਹਨ। ਹੁਣ ਏ. ਸੀ. ਲਾਉਣ ਦੇ ਨਾਂ 'ਤੇ ਸਕੂਲ ਵੱਲੋਂ 1200 ਰੁਪਏ ਪ੍ਰਤੀ ਬੱਚਾ ਮੰਗੇ ਜਾ ਰਹੇ ਹਨ ਜਿਨ੍ਹਾਂ ਬੱਚਿਆਂ ਨੇ ਏ. ਸੀ. ਲਾਉਣ ਲਈ ਮੰਗੀ ਫੀਸ ਜਮ੍ਹਾ ਨਹੀਂ ਕਰਵਾਈ, ਉਨ੍ਹਾਂ ਨੂੰ ਸ਼ੁੱਕਰਵਾਰ ਕਲਾਸਾਂ ਵਿਚ ਬੈਠਣ ਨਹੀਂ ਦਿੱਤਾ ਅਤੇ ਕਲਾਸਾਂ ਤੋਂ ਬਾਹਰ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਸੋਮਵਾਰ ਤੋਂ ਸ਼ੁਰੂ ਹੋਣ ਵਾਲੀਆਂ ਸਕੂਲੀ ਪ੍ਰੀਖਿਆਵਾਂ ਵਿਚ ਬੈਠਣ ਲਈ ਬੱਚਿਆਂ ਨੂੰ ਐਡਮਿਟ ਕਾਰਡ ਵੀ ਨਹੀਂ ਦਿੱਤੇ ਗਏ। ਮਾਪਿਆਂ ਨੇ ਇਸ ਮਾਮਲੇ ਨੂੰ ਲੈ ਕੇ ਐੈੱਸ. ਡੀ. ਐੈੱਮ. ਨੂੰ ਸ਼ਿਕਾਇਤ ਕਰਨ ਅਤੇ ਸਕੂਲ ਵੱਲੋਂ ਆਪਣੀ ਜ਼ਿੱਦ 'ਤੇ ਅੜੇ ਰਹਿਣ 'ਤੇ ਸੰਘਰਸ਼ ਦੀ ਵੀ ਚਿਤਾਵਨੀ ਦਿੱਤੀ। ਇਸ ਸਬੰਧੀ ਸਕੂਲ ਚੇਅਰਮੈਨ ਡਾ. ਵਿਕਰਮ ਨੇ ਵਾਰਿਸਾਂ ਵੱਲੋਂ ਲਾਏ ਦੋਸ਼ਾਂ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਕਾਨੂੰਨ ਅਤੇ ਨਿਯਮਾਂ ਅਨੁਸਾਰ ਹੀ ਨਾ-ਮਾਤਰ ਫੀਸ ਵਧਾਈ ਹੈ। ਕੁੱਝ ਬੱਚਿਆਂ ਵੱਲ ਫੀਸ ਅਤੇ ਵਿਕਾਸ ਵਗੈਰਾ ਦਾ ਬਕਾਇਆ ਪੈਂਡਿੰਗ ਹੈ। ਬੱਚਿਆਂ ਦੇ ਮਾਪੇ ਵਿਰੋਧ ਕਰ ਕੇ ਸਕੂਲ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ।