‘ਆਪ’ ਹੱਥੋਂ ਜਲਦ ਖੁੱਸ ਜਾਵੇਗਾ ਵਿਰੋਧੀ ਧਿਰ ਦਾ ਅਹੁਦਾ

04/25/2019 7:20:52 PM

ਜਲੰਧਰ (ਜਸਬੀਰ ਵਾਟਾਂ ਵਾਲੀ) ਆਮ ਆਦਮੀ ਪਾਰਟੀ ਪੰਜਾਬ ਦੇ ਸਿਰ ਸੰਕਟ ਦੇ ਬੱਦਲ ਘਟਦੇ ਦਿਖਾਈ ਨਹੀਂ ਦੇ ਰਹੇ। ਪਾਰਟੀ ਨਾਲੋਂ ਜਿੱਥੇ ਕਈ ਵੱਡੇ ਮੁੱਖ ਆਗੂ ਨਾਤੇ ਤੋੜ ਰਹੇ ਹਨ, ਉੱਥੇ ਹੀ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਵੀ ਪਾਰਟੀ ਨੂੰ ਅਲਵਿਦਾ ਆਖ ਅਸਤੀਫੇ ਦੇ ਰਹੇ ਹਨ। ਆਮ ਆਦਮੀ ਪਾਰਟੀ ਦਾ ਇਹ ਸੰਕਟ ਅੱਜ ਉਸ ਸਮੇ ਹੋਰ ਵੀ ਗਹਿਰਾ ਹੋ ਗਿਆ ਜਦੋਂ, ਵਿਰੋਧੀ ਧਿਰ ਦੇ ਅਹੁਦੇ 'ਤੇ ਰਹੇ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਨਾਲ-ਨਾਲ ਪਾਰਟੀ ਦਾ ਇਹ ਸੰਕਟ ਉਸ ਸਮੇਂ ਕਈ ਗੁਣਾਂ ਵੱਧ ਗਿਆ, ਜਦੋਂ ਨਾਜਰ ਸਿੰਘ ਮਾਨਸ਼ਾਹੀਆ ਨੇ ਅੱਜ 'ਆਪ' ਨੂੰ ਛੱਡ ਕਾਂਗਰਸ ਦਾ ਪੱਲਾ ਫੜ ਲਿਆ ਅਤੇ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਤੋਂ ਪਹਿਲਾਂ ਵੀ ਦੋ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਮਾਸਟਰ ਬਲਦੇਵ ਸਿੰਘ ਅਸਤੀਫਾ ਦੇ ਚੁੱਕੇ ਹਨ। ਭਾਵੇਂ ਕਿ ਇਨ੍ਹਾਂ ਦੇ ਅਸਤੀਫੇ ਸਪੀਕਰ ਨੇ ਅਜੇ ਤੱਕ ਮਨਜੂਰ ਨਹੀਂ ਕੀਤੇ ਪਰ ਕਿਸੇ ਵੇਲੇ ਇਨ੍ਹਾਂ ਅਸਤੀਫਿਆਂ ਸਬੰਧੀ ਕਾਰਵਾਈ ਸਪੀਕਰ ਵੱਲੋਂ ਅਮਲ ਵਿਚ ਲਿਆਂਦੀ ਜਾ ਸਕਦੀ ਹੈ। ਇਨ੍ਹਾਂ ਸਾਰੇ ਅਸਤੀਫਿਆਂ ਤੋਂ ਬਾਅਦ ਅਸਤੀਫਾ ਦੇਣ ਵਾਲੇ ਵਿਧਾਇਕ ਦੀ ਗਿਣਤੀ ਚਾਰ ਹੋ ਜਾਵੇਗੀ। ਇਹ ਗਿਣਤੀ 'ਆਪ' ਦੇ ਕੁੱਲ ਵਿਧਾਇਕਾਂ ਦਾ ਪੰਜਵਾਂ ਹਿੱਸਾ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ਦੌਰਾਨ ‘ਆਪ’ ਦੇ ਕੁੱਲ 20 ਵਿਧਾਇਕ ਹੀ ਚੋਣ ਜਿੱਤੇ ਸਨ। ਜੇਕਰ ਇਨ੍ਹਾਂ ਸਾਰੇ ਵਿਧਾਇਕਾਂ ਦੇ ਅਸਤੀਫੇ ਮਨਜੂਰ ਹੋ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੁੱਸ ਜਾਵੇਗਾ। ਜੇਕਰ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਮਨਜੂਰ ਨਹੀਂ ਵੀ ਕੀਤਾ ਜਾਂਦਾ ਤਾਂ ਅਕਾਲੀ-ਭਾਜਪਾ ਅਤੇ ਆਪ ਦੇ ਬਰਾਬਰ ਬਰਾਬਰ ਵਿਧਾਇਕ ਰਹਿ ਜਾਣਗੇ। ਅਜਿਹੇ ਹਾਲਾਤ ਵਿਚ ਫੈਸਲਾ ਸਪੀਕਰ ਦੇ ਹੱਥ ਹੋਵੇਗਾ ਕਿ ਉਹ ਕਿਹੜੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਦਿੰਦੇ ਹਨ।
ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਵਿਚ ਸਾਰੀਆਂ ਪਾਰਟੀਆਂ ਵੱਲੋਂ ਖੜੇ ਕੀਤੇ ਕੁੱਲ 10 ਵਿਧਾਇਕ ਵੀ ਵਿਰੋਧੀ ਧਿਰ ਦੇ ਅਹੁਦੇ ਦਾ ਗਣਿਤ ਵਿਗਾੜ ਸਕਦੇ ਹਨ। ਇਨ੍ਹਾਂ ਵਿਧਾਇਕਾ ਵਿਚ ਕਾਂਗਰਸ ਵੱਲੋਂ ਰਾਜਾ ਵੜਿੰਗ ਅਤੇ ਰਾਜ ਕੁਮਾਰ ਚੱਬੇਵਾਲ ਚੋਣ ਮੈਦਾਨ ਵਿਚ ਹਨ। ਅਕਾਲੀ-ਭਾਜਪਾ ਵੱਲੋਂ ਸੋਮ ਪ੍ਰਕਾਸ਼, ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਲੋਕ ਸਭਾ ਦੇ ਚੋਣ ਮੈਦਾਨ ਵਿਚ ਉੱਤਰ ਚੁੱਕੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਬੀਬੀ ਬਲਜਿੰਦਰ ਕੌਰ ਤੋਂ ਇਲਾਵਾ ਪੀ. ਡੀ. ਏ. ਦੇ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ ਅਤੇ ਮਾਸਟਰ ਬਲਦੇਵ ਸਿੰਘ ਚੋਣ ਮੈਦਾਨ ਵਿਚ ਹਨ। ਅਜਿਹੇ ਹਾਲਾਤ ਵਿਚ ਜੇਕਰ ਅਕਾਲੀ ਦਲ ਦੇ ਵਿਧਾਇਕ ਚੋਣ ਜਿੱਤ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਕੋਲ ਵਿਰੋਧੀ ਧਿਰ ਦਾ ਅਹੁਦਾ ਬਣੇ ਰਹਿਣ ਦੀ ਸੰਭਾਵਨਾ ਬਣੀ ਰਹੇਗੀ।

 


jasbir singh

News Editor

Related News