ਟੁੱਟੀ ਸੜਕ ''ਤੇ ਪਾਏ ਵੱਟੇ ਬਣੇ ਦੁਕਾਨਦਾਰਾਂ ਦੇ ''ਦੁਸ਼ਮਣ''

Monday, Mar 05, 2018 - 01:13 AM (IST)

ਟੁੱਟੀ ਸੜਕ ''ਤੇ ਪਾਏ ਵੱਟੇ ਬਣੇ ਦੁਕਾਨਦਾਰਾਂ ਦੇ ''ਦੁਸ਼ਮਣ''

ਸੰਦੌੜ, (ਰਿਖੀ)— ਮਾਲੇਰਕੋਟਲਾ–ਰਾਏਕੋਟ ਰੋਡ 'ਤੇ ਸਥਿਤ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਬੱਸ ਸਟੈਂਡ ਤੋਂ ਮਾਲੇਰਕੋਟਲਾ ਵੱਲ ਜਾਂਦੀ ਸੜਕ 'ਤੇ ਅਕਾਲੀ ਸਰਕਾਰ ਦੇ ਸਮੇਂ ਤੋਂ ਅੱਧਾ ਕਿਲੋਮੀਟਰ ਸੜਕ ਪੂਰੀ ਤਰ੍ਹਾਂ ਟੁੱਟੀ ਪਈ ਹੈ, ਜਿਸ ਕਾਰਨ ਦਿਨ-ਰਾਤ ਚਲਦੇ ਇਸ ਰੋਡ ਤੋਂ ਬਹੁਤੇ ਰਾਹਗੀਰ ਪਿੰਡ ਵਿਚੋਂ ਰਸਤਾ ਬਦਲ ਕੇ ਲੰਘਦੇ ਰਹੇ ਹਨ। ਬਾਰਿਸ਼ ਸਮੇਂ ਤਾਂ ਇਸ ਸੜਕ ਤੋਂ ਲੰਘਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਸੜਕ 'ਤੇ ਪਿੰਡ ਸ਼ੇਰਗੜ੍ਹ ਚੀਮਾ ਦੇ ਨੌਜਵਾਨਾਂ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਕਰੀਬ 80 ਟਰਾਲੀਆਂ ਮਿੱਟੀ ਦੀਆਂ ਪਾ ਕੇ ਰਾਹਗੀਰਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਪਿੱਛੋਂ ਵਿਭਾਗ ਨੇ ਇਸ 'ਤੇ ਵੱਟੇ ਪਾ ਦਿੱਤੇ ਅਤੇ ਕਰੀਬ 7 ਮਹੀਨੇ ਬੀਤਣ ਕਾਰਨ ਹੁਣ ਵੱਟੇ ਵੀ ਉਖੜ ਚੁੱਕੇ ਹਨ, ਜੋ ਵੱਡੇ ਵਾਹਨਾਂ ਕਾਰਨ ਬੁੜਕ ਕੇ ਸੜਕ ਕੰਢੇ ਸਥਿਤ ਦੁਕਾਨਾਂ 'ਚ ਵੱਜਦੇ ਹਨ। ਇਨ੍ਹਾਂ ਵੱਟਿਆਂ ਕਾਰਨ ਹੁਣ ਤੱਕ ਅੱਧੀ ਦਰਜਨ ਦੁਕਾਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਅਤੇ ਕਈ ਰਾਹਗੀਰ ਇਨ੍ਹਾਂ ਵੱਟਿਆਂ ਕਾਰਨ ਜ਼ਖਮੀ ਹੋ ਚੁੱਕੇ ਹਨ।
ਦੁਕਾਨਦਾਰਾਂ ਵੱਲੋਂ ਧਰਨਾ ਲਾਉਣ ਦੀ ਚਿਤਾਵਨੀ : ਰਵੀ ਚੀਮਾ, ਮੁਸ਼ਤਾਕ, ਅਸ਼ਰਫ ਕਾਲਾ ਖੁਰਦ, ਡਾ. ਮਨਜੀਤ ਬੈਂਸ, ਕੁਲਵਿੰਦਰ ਕਿੰਦਾ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਸੜਕ ਦੀ ਸਾਰ ਨਹੀਂ ਲੈਂਦਾ। ਬਹੁਤੇ ਦੁਕਾਨਦਾਰ ਤਾਂ ਆਏ ਦਿਨ ਹੋ ਰਹੇ ਨੁਕਸਾਨ ਅਤੇ ਧੂੜ-ਮਿੱਟੀ ਕਾਰਨ ਦੁਕਾਨਾਂ ਖਾਲੀ ਕਰ ਕੇ ਚਲੇ ਗਏ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜਾਨ ਦਾ ਖੌਫ ਬਣੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸੇ ਸਬੰਧਤ ਅਧਿਕਾਰੀ ਨੇ ਉਨ੍ਹਾਂ ਦੀ ਅਪੀਲ ਨਾ ਸੁਣੀ ਤਾਂ ਇਸ ਸੜਕ ਨੂੰ ਧਰਨਾ ਲਾ ਕੇ ਮੁਕੰਮਲ ਬੰਦ ਕਰ ਦੇਣਗੇ।


Related News