ਗੁਆਂਢੀ ਤੋਂ ਮੋਬਾਇਲ ਖੋਹਣਾ ਪਿਆ ਮਹਿੰਗਾ
Monday, Nov 20, 2017 - 04:44 AM (IST)

ਲੁਧਿਆਣਾ, (ਪੰਕਜ)- ਆਪਣੇ ਗੁਆਂਢੀ ਤੋਂ ਮੋਬਾਇਲ ਖੋਹਣਾ ਦੋ ਲੁਟੇਰਿਆਂ ਨੂੰ ਮਹਿੰਗਾ ਪੈ ਗਿਆ, ਪੀੜਤ ਦੀ ਸ਼ਨਾਖਤ 'ਤੇ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਚੋਰੀ ਦੇ ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਾਡਲ ਟਾਊਨ ਥਾਣਾ ਇੰਚਾਰਜ ਕੰਵਲਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਨਗਰ ਨਿਵਾਸੀ ਜਸਪ੍ਰੀਤ ਸਿੰਘ ਬੀਤੇ ਦਿਨੀਂ ਆਪਣੇ ਘਰ ਦੇ ਬਾਹਰ ਮੋਬਾਇਲ 'ਤੇ ਗੱਲ ਕਰ ਰਿਹਾ ਸੀ ਕਿ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਲੁਟੇਰਿਆਂ ਨੇ ਉਸ ਦਾ ਮੋਬਾਇਲ ਝਪਟ ਲਿਆ ਅਤੇ ਫਰਾਰ ਹੋ ਗਏ ਪਰ ਪੀੜਤ ਨੇ ਇਕ ਲੁਟੇਰੇ ਨੂੰ ਪਛਾਣ ਲਿਆ, ਕਿਉਂਕਿ ਉਹ ਵੀ ਉਸੇ ਮੁਹੱਲੇ ਦਾ ਹੀ ਸੀ।
ਇਸ ਤੋਂ ਬਾਅਦ ਜਸਪ੍ਰੀਤ ਨੇ ਆਤਮ ਪਾਰਕ ਚੌਕੀ ਇੰਚਾਰਜ ਧਰਮਿੰਦਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀ ਦੀ ਪਛਾਣ ਦੱਸੀ। ਇਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ਦੋਵਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਮਨਜੀਤ ਨਗਰ ਨਿਵਾਸੀ ਹਰਵਿੰਦਰ ਸਿੰਘ ਉਰਫ ਕਾਲੀ ਅਤੇ ਜੋਧੇਵਾਲ ਨਿਵਾਸੀ ਰਣਜੀਤ ਸਿੰਘ ਵਿੱਕੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੋਸ਼ੀਆਂ ਵਲੋਂ ਲੁੱਟੇ ਮੋਬਾਇਲ ਤੋਂ ਇਲਾਵਾ ਚੋਰੀ ਕੀਤੀਆਂ ਦੋ ਸਕੂਟਰੀਆਂ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।