ਕਪੂਰਥਲਾ : ਬਾਜ਼ਾਰ 'ਚ 500 ਦੇ ਨੋਟ ਮਿਲਣ ਨਾਲ ਇਲਾਕੇ 'ਚ ਦਹਿਸ਼ਤ

Wednesday, May 06, 2020 - 11:48 PM (IST)

ਕਪੂਰਥਲਾ : ਬਾਜ਼ਾਰ 'ਚ 500 ਦੇ ਨੋਟ ਮਿਲਣ ਨਾਲ ਇਲਾਕੇ 'ਚ ਦਹਿਸ਼ਤ

ਕਪੂਰਥਲਾ,(ਮਹਾਜਨ)- ਕੋਰੋਨਾ ਨੂੰ ਲੈ ਕੇ ਚੱਲ ਰਹੇ ਲਾਕਡਾਊਨ ਦੌਰਾਨ ਇਕ ਪਾਸੇ ਲਗਾਤਾਰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸ਼ਹਿਰ 'ਚ ਦਹਿਸ਼ਤ ਫੈਲਾਉਣ ਲਈ ਸ਼ਰਾਰਤੀ ਅਨਸਰਾਂ ਵੱਲੋਂ 500 ਅਤੇ 2 ਹਜ਼ਾਰ ਦੇ ਨੋਟ ਲਗਾਤਾਰ ਸੁੱਟ ਕੇ ਜਾਂ ਤਾਂ ਦਹਿਸ਼ਤ ਫੈਲਾਈ ਜਾ ਰਹੀ ਹੈ ਜਾਂ ਇਹ ਨੋਟ ਕੋਰੋਨਾ ਦੀ ਬਿਮਾਰੀ ਫੈਲਾਉਣ ਵਾਸਤੇ ਸੁੱਟੇ ਜਾ ਰਹੇ ਹਨ। ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਗੰਭੀਰ ਨਜ਼ਰ ਨਹੀਂ ਆ ਰਿਹਾ। ਕਿਉਂਕਿ ਬੀਤੀ 2 ਮਈ ਨੂੰ ਵੀ ਰਾਤ ਕਰੀਬ 8 ਵਜੇ ਸੁਭਾਸ਼ ਚੌਂਕ ਦੇ ਬਰਤਨ ਬਾਜ਼ਾਰ 'ਚ ਇਕ ਸਕੂਟਰੀ ਸਵਾਰ ਨੌਜਵਾਨ ਨੇ 8 ਨੋਟ 500 ਦੇ ਤੇ ਇਕ ਨੋਟ 2 ਹਜ਼ਾਰ ਦਾ ਸੁੱਟ ਕੇ ਸ਼ਹਿਰ ਵਿਚ ਦਹਿਸ਼ਤ ਪਾਈ ਗਈ ਸੀ ਅਤੇ ਪੁਲਸ ਨੇ ਵੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਇਲਾਕੇ ਨੂੰ ਸੀਲ ਕਰਦੇ ਹੋਏ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਨੋਟ ਲਿਫਾਫਿਆਂ ਵਿਚ ਬੰਦ ਕੀਤੇ ਗਏ ਸਨ। ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਨੋਟਾਂ ਨੂੰ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਨੂੰ ਨਹੀਂ ਭੇਜਿਆ ਗਿਆ। ਜਿਸ ਦੌਰਾਨ 6 ਮਈ ਨੂੰ ਫਿਰ ਦੋਬਾਰਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਪੂਰਥਲਾ ਦੇ ਮੇਨ ਸਦਰ ਬਾਜ਼ਾਰ ਵਿਖੇ ਕਰਫਿਊ ਖੁੱਲਣ ਦੌਰਾਨ ਦੋ ਨੋਟ 500-500 ਦੇ ਸੁੱਟ ਦਿੱਤੇ ਗਏ। ਜਦੋਂ ਲੋਕਾਂ ਨੇ ਉਨ੍ਹਾਂ ਨੋਟਾਂ ਨੂੰ ਦੇਖਿਆ ਤਾਂ ਲੋਕ ਸਹਿਮ ਗਏ ਤਾਂ ਉਨ੍ਹਾਂ ਨੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕੀਤਾ। ਜਿਸ ਦੌਰਾਨ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਹੁੰਦਲ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਨੋਟਾਂ ਨੂੰ ਚੁੱਕ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾ ਮਿਲੇ ਨੋਟ ਸਿਹਤ ਵਿਭਾਗ ਦੀ ਟੀਮ ਹਵਾਲੇ ਕਰ ਦਿੱਤੇ ਗਏ ਹਨ ਅਤੇ ਜੋ ਨੋਟ ਬੁੱਧਵਾਰ ਨੂੰ ਮਿਲੇ ਸਨ, ਉਹ ਜਿਸ ਵਿਅਕਤੀ ਦੇ ਡਿੱਗੇ ਸਨ, ਉਸ ਨੂੰ ਵਾਪਸ ਕਰ ਦਿੱਤੇ ਗਏ ਹਨ।


author

Bharat Thapa

Content Editor

Related News