ਗੋਰਾਇਆ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ
Sunday, Aug 28, 2022 - 05:16 PM (IST)
 
            
            ਗੋਰਾਇਆ (ਮੁਨੀਸ਼ ਬਾਵਾ)-ਥਾਣਾ ਗੁਰਾਇਆ ਸਾਹਮਣੇ ਬਣੀ ਪੁਲੀ ਹੇਠੋਂ ਨਿਕਲਣ ਲੱਗੇ ਐਕਟਿਵਾ ਸਵਾਰ ਪਰਿਵਾਰ ਨੂੰ ਫਿਲੌਰ ਤੋਂ ਗੁਰਾਇਆ ਨੂੰ ਆ ਰਹੀ ਬੱਸ ਨੇ ਆਪਣੀ ਲਪੇਟ ’ਚ ਲੈ ਲਿਆ। ਇਸ ਦੌਰਾਨ ਬੱਸ ਐਕਟਿਵਾ ਨੂੰ ਕਾਫ਼ੀ ਦੂਰ ਘਸੀਟਦੇ ਹੋਏ ਲੈ ਗਈ। ਇਸ ਹਾਦਸੇ ਵਿਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਔਰਤ ਇਕ ਲੜਕੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਐਕਟਿਵਾ ਸਵਾਰ ਪਰਿਵਾਰ ਜਗਤਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕੁਤਬੇਵਾਲ ਆਪਣੇ ਰਿਸ਼ਤੇਦਾਰਾਂ ਦੇ ਜਾ ਰਹੇ ਸਨ। ਇਸ ਹਾਦਸੇ ਵਿਚ ਗੁਰਾਇਆ ਪੁਲਸ ਦੀ ਕਾਰਗੁਜ਼ਾਰੀ ਬੇਹੱਦ ਹੀ ਢਿੱਲੀ ਸਾਹਮਣੇ ਆਈ ਹੈ। ਥਾਣੇ ਦੇ ਨੇੜੇ ਹੀ ਵਾਪਰੇ ਇਸ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਨੂੰ ਪੁਲਸ ਨੂੰ 20 ਤੋਂ 25 ਮਿੰਟ ਲੱਗੇ, ਜਦਕਿ ਲੋਕ ਖ਼ੁਦ ਥਾਣੇ ਜਾ ਕੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਕੇ ਆਏ ਸਨ।
ਇਹ ਖ਼ਬਰ ਵੀ ਪੜ੍ਹੋ : ਤ੍ਰਿਲੋਕ ਭਾਟੀਆ ਨੇ ਲੰਡਨ ’ਚ ਚਮਕਾਇਆ ਪੰਜਾਬ ਦਾ ਨਾਂ, 1540 ਕਿਲੋਮੀਟਰ ਲੰਬੀ ਸਾਈਕਲਿੰਗ ਦਾ ਮੁਕਾਬਲਾ ਜਿੱਤਿਆ

ਪੁਲਸ ਨੂੰ ਜ਼ਖ਼ਮੀਆਂ ਨੂੰ ਲਿਜਾਣ ਲਈ ਆਪਣੀ ਗੱਡੀ ਲਿਆਉਣ ਦੀ ਅਪੀਲ ਵੀ ਕਰਕੇ ਆਏ ਸਨ ਪਰ ਪੁਲਸ ਪ੍ਰਸ਼ਾਸਨ ਨਾ ਤਾਂ ਆਪਣੀ ਗੱਡੀ ਲੈ ਕੇ ਸਮੇਂ ’ਤੇ ਮੌਕੇ ’ਤੇ ਪਹੁੰਚਿਆ ਤੇ ਨਾ ਹੀ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ। ਜਿਸ ਤੋਂ ਬਾਅਦ ਲੋਕ ਖ਼ੁਦ ਹੀ ਜ਼ਖ਼ਮੀਆਂ ਨੂੰ ਆਪਣੀ ਐਕਟਿਵਾ, ਮੋਟਰਸਾਈਕਲ ਅਤੇ ਰਾਹ ਜਾਂਦੇ ਥ੍ਰੀ-ਵ੍ਹੀਲਰ ਨੂੰ ਰੋਕ ਕੇ ਉਸ ’ਚੋਂ ਸਵਾਰੀਆਂ ਨੂੰ ਉਤਾਰ ਹਸਪਤਾਲ ’ਚ ਲੈ ਕੇ ਗਏ ਪਰ ਹਸਪਤਾਲ ਪਹੁੰਚਦੇ ਹੀ ਨੌਜਵਾਨ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਸੀ ਕਿ ਜੇਕਰ ਸਮੇਂ ਰਹਿੰਦੇ ਪੁਲਸ ਮੁਲਾਜ਼ਮ ਆਪਣੀ ਗੱਡੀ ਲੈ ਕੇ ਆ ਜਾਂਦੇ ਤਾਂ ਨੌਜਵਾਨ ਨੂੰ ਸਮਾਂ ਰਹਿੰਦਿਆਂ ਹਸਪਤਾਲ ਲਿਜਾਇਆ ਜਾ ਸਕਦਾ ਸੀ ਤੇ ਉਸ ਦੀ ਜਾਨ ਬਚ ਸਕਦੀ ਸੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਸਬ-ਇੰਸਪੈਕਟਰ ਵੱਲੋਂ ਲੋਕਾਂ ਅਤੇ ਮੀਡੀਆ ਕਰਮਚਾਰੀਆਂ ਨਾਲ ਵੀ ਬਦਸਲੂਕੀ ਕੀਤੀ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            