ਬਟਾਲਾ ''ਚ ਬਣਾਈ ਗਈ ਅਸਥਾਈ ਜੇਲ, ਪੁਲਸ ਕਰ ਰਹੀ ਸਖਤ ਕਾਰਵਾਈ
Saturday, Apr 04, 2020 - 04:02 PM (IST)
ਬਟਾਲਾ (ਗੁਰਪ੍ਰੀਤ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰਾ ਦੇਸ਼ ਲੌਕ ਡਾਊਨ ਹੈ ਅਤੇ ਪੰਜਾਬ 'ਚ ਕਰਫਿਊ ਜਾਰੀ ਹੈ। ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਹੁਣ ਤੱਕ 58 ਕੇਸ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਕਰਫਿਊ ਦੀ ਪਾਲਣਾ ਕਰਾਉਣ ਲਈ ਪੰਜਾਬ ਪੁਲਸ ਵੀ ਆਪਣਾ ਸਖਤ ਰਵੱਈਆ ਅਪਣਾ ਰਹੀ ਹੈ। ਬਟਾਲਾ ਪੁਲਸ ਵਲੋਂ ਡੀ. ਸੀ., ਗੁਰਦਾਸਪੁਰ ਦੇ ਨਿਰਦੇਸ਼ਾਂ 'ਤੇ ਬਟਾਲਾ 'ਚ ਅਸਥਾਈ ਤੌਰ 'ਤੇ ਓਪਨ ਜੇਲ ਸਥਾਪਿਤ ਕੀਤੀ ਗਈ ਹੈ ਅਤੇ ਇਸ ਜੇਲ੍ਹ 'ਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਰੱਖਿਆ ਜਾਵੇਗਾ। ਬਟਾਲਾ ਪੁਲਸ ਵਲੋਂ ਅੱਜ ਸਵੇਰ ਤੋਂ ਹੀ ਪੂਰੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਉਨ੍ਹਾਂ ਲੋਕਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਜੋ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਘਰਾਂ ਤੋਂ ਬਾਹਰ ਨਿਕਲ ਰਹੇ ਹਨ।
ਅਜਿਹੇ ਲੋਕਾਂ ਨੂੰ ਪੁਲਸ ਗੱਡੀਆਂ 'ਚ ਪਾ ਕੇ ਅਸਥਾਈ ਜੇਲ 'ਚ ਲਿਜਾ ਰਹੀ ਹੈ। ਇਸ ਦੇ ਨਾਲ ਹੀ ਡਰੋਨ ਕੈਮਰੇ ਰਾਹੀਂ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ ਨਜ਼ਰ ਰੱਖੀ ਜਾ ਰਹੀ ਹੈ। ਡੀ. ਐਸ. ਪੀ. ਬਾਲ ਕਿਸ਼ਨ ਸਿੰਗਲਾ ਨੇ ਕਿਹਾ ਕਿ ਬਿਨ੍ਹਾਂ ਕਾਰਨ ਬਾਹਰ ਨਿਕਲਣ ਵਾਲੇ ਲੋਕਾਂ 'ਤੇ ਮਾਮਲੇ ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਜਿਨ੍ਹਾਂ 'ਤੇ ਕੇਸ ਦਰਜ ਹੋਣਗੇ, ਇਹ ਲੋਕ ਆਉਣ ਵਾਲੇ ਸਮੇਂ 'ਚ ਨਾ ਤਾਂ ਲਾਈਸੈਂਸ ਬਣਵਾ ਸਕਣਗੇ ਅਤੇ ਨਾ ਹੀ ਪਾਸਪੋਰਟ ਬਣਵਾ ਸਕਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਾਰਵਾਈ ਤੋਂ ਬਚਣ ਲਈ ਬਿਨ੍ਹਾਂ ਕਾਰਨ ਬਾਹਰ ਨਾ ਨਿਕਲਣ।