ਪੰਜਾਬ ਵਿਧਾਨ ਸਭਾ ਅੱਗੇ ਪੀਪਨੀ ਵਜਾ ਕੇ ਬੁਰਾ ਫਸਿਆ ''ਟੀਟੂ ਬਾਣੀਆ''
Saturday, Aug 03, 2019 - 11:47 AM (IST)
ਚੰਡੀਗੜ੍ਹ (ਭੁੱਲਰ) : ਹਲਕਾ ਦਾਖਾ ਦੇ ਇਕ ਨੌਜਵਾਨ ਟੀਟੂ ਬਾਣੀਆ ਨੂੰ ਪੰਜਾਬ ਵਿਧਾਨ ਸਭਾ ਅੱਗੇ ਪੀਪਨੀ ਵਜਾ ਕੇ ਰੋਸ ਮੁਜ਼ਾਹਰਾ ਕਰਨਾ ਮਹਿੰਗਾ ਪੈ ਗਿਆ ਹੈ। ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਸਮੇਂ ਆਪਣੇ ਕੁੱਝ ਸਾਥੀਆਂ ਸਮੇਤ ਜਦ ਇਹ ਨੌਜਵਾਨ ਅਨੋਖੇ ਅੰਦਾਜ਼ 'ਚ ਪੀਪਨੀ ਵਜਾਉਂਦਾ ਵਿਧਾਨ ਸਭਾ ਨੇੜੇ ਪਹੁੰਚ ਗਿਆ ਤਾਂ ਤੁਰੰਤ ਹੀ ਉਥੇ ਤਾਇਨਾਤ ਪੁਲਸ ਵਲੋਂ ਹਰਕਤ 'ਚ ਆਉਂਦਿਆਂ ਇਸ ਨੂੰ ਹਿਰਾਸਤ 'ਚ ਲੈ ਕੇ ਥਾਣੇ ਪਹੁੰਚਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਨੌਜਵਾਨ ਹਲਕਾ ਦਾਖਾ ਵਿਖੇ ਵਿਧਾਨ ਸਭਾ ਦੀ ਚੋਣ ਲੜਨ ਦਾ ਚਾਹਵਾਨ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨੇ ਆਪਣੀ ਇਹ ਇਛਾ ਛੱਡ ਕੇ ਉਸ ਸਮੇਂ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਦਾ ਸਮਰਥਨ ਕੀਤਾ ਸੀ। ਟੀਟੂ ਦਾ ਕਹਿਣਾ ਹੈ ਕਿ ਉਸ ਨੇ ਫੂਲਕਾ ਲਈ ਘਰ-ਘਰ ਜਾ ਕੇ ਵੋਟ ਮੰਗੇ ਤੇ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਮੁਹਿੰਮ ਚਲਾਈ, ਪਰ ਉਨ੍ਹਾਂ ਨੇ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਇਸ ਸਮੇਂ ਹਲਕੇ 'ਚ ਉਨ੍ਹਾਂ ਦਾ ਕੋਈ ਨੁਮਾਇੰਦਾ ਨਹੀਂ, ਜੋ ਵਿਧਾਨ ਸਭਾ ਤੱਕ ਸਮੱਸਿਆਵਾਂ ਉਠਾ ਸਕੇ।
ਉਸ ਨੇ ਦੱਸਿਆ ਕਿ ਪ੍ਰਦਰਸ਼ਨ ਕਰਨ ਦਾ ਮਕਸਦ ਸਪੀਕਰ ਤੋਂ ਫੂਲਕਾ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਮੰਗ ਕਰਨਾ ਸੀ। ਟੀਟੂ ਨੇ ਕਿਹਾ ਕਿ ਫੂਲਕਾ ਤੋਂ ਇਲਾਵਾ ਸੁਖਪਾਲ ਖਹਿਰਾ ਤੇ ਕੁੱਝ ਹੋਰ ਵਿਧਾਇਕਾਂ ਨੇ ਅਸਤੀਫ਼ਾ ਦਿੱਤਾ ਹੋਇਆ ਹੈ, ਪਰ ਸਪੀਕਰ ਉਸ ਨੂੰ ਪ੍ਰਵਾਨ ਨਹੀਂ ਕਰ ਰਹੇ, ਜੋ ਕਿ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਤੇ ਇਹ ਮੈਂਬਰ ਤਨਖਾਹਾਂ ਤੇ ਭੱਤਿਆਂ ਦੇ ਰੂਪ ਵਿਚ ਸਰਕਾਰ ਤੋਂ ਲੱਖਾਂ ਰੁਪਏ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਵਲੋਂ ਅਸਤੀਫ਼ੇ ਮਨਜ਼ੂਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਬਹਾਨੇ ਨਹੀਂ ਬਣਾਉਣੇ ਚਾਹੀਦੇ, ਜੇਕਰ ਉਹ ਚਾਹੁਣ ਤਾਂ ਤੁਰੰਤ ਅਸਤੀਫ਼ੇ ਮਨਜ਼ੂਰ ਕਰ ਸਕਦੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਹੋਰ ਨੁਮਾਇੰਦੇ ਚੁਣਨ ਦਾ ਮੌਕਾ ਮਿਲੇ। ਪੁਲਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਟੀਟੂ ਨੇ ਕਿਹਾ ਕਿ ਉਹ ਵਿਧਾਨਸਭਾ ਸੈਸ਼ਨ ਦੇ ਅਗਲੇ ਦਿਨਾਂ ਵਿਚ ਮੌਕਾ ਮਿਲਿਆ ਤਾਂ ਫੇਰ ਭੇਸ ਬਦਲ ਕੇ ਗੁਪਤ ਤਰੀਕੇ ਨਾਲ ਪਹੁੰਚਣ ਦਾ ਯਤਨ ਜਰੂਰ ਕਰਨਗੇ।