ਜਲਦ ਹੀ ਕੀਤਾ ਜਾਵੇਗਾ ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਹੱਲ, ਆਨਲਾਈਨ ਛੁੱਟੀਆਂ ਦੀ ਮਿਲੇਗੀ ਪ੍ਰਵਾਨਗੀ
Saturday, Sep 09, 2017 - 06:07 PM (IST)
ਕੋਹਾੜਾ/ਲੁਧਿਆਣਾ (ਹਿਤੇਸ਼)— ਪੰਜਾਬ ਦੀ ਸਿੱਖਿਆ ਅਤੇ ਉਚੇਰੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਇਸ ਵਰਗ ਦੀਆਂ ਵਿਭਾਗ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ। ਇਸੇ ਕਰਕੇ ਹੀ ਫੈਸਲਾ ਕੀਤਾ ਗਿਆ ਹੈ ਕਿ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਲੈਣ ਲਈ ਵੱਖ-ਵੱਖ ਪੱਧਰਾਂ 'ਤੇ ਧੱਕੇ ਨਹੀਂ ਖਾਣੇ ਪੈਣਗੇ। ਇਸ ਲਈ ਬਕਾਇਦਾ ਆਨਲਾਈਨ ਪੋਰਟਲ ਤਿਆਰ ਕੀਤਾ ਜਾਵੇਗਾ, ਜਿਸ 'ਤੇ ਛੁੱਟੀ ਅਪਲਾਈ ਹੋਵੇਗੀ ਅਤੇ ਪ੍ਰਵਾਨ ਹੋਵੇਗੀ।
ਸ਼ਨੀਵਾਰ ਨੂੰ ਇਥੇ ਮਾਸਟਰ ਕੇਡਰ ਯੂਨੀਅਨ (ਜ਼ਿਲਾ ਲੁਧਿਆਣਾ) ਵੱਲੋਂ ਰੱਖੇ ਜ਼ਿਲਾ ਪੱਧਰੀ ਸਨਮਾਨ ਸਮਾਰੋਹ ਮੌਕੇ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਸੂਬੇ ਦੇ ਅਧਿਆਪਕ ਵਰਗ 'ਤੇ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਵੱਡੀ ਜ਼ਿੰਮੇਵਾਰੀ ਹੈ, ਉਥੇ ਹੀ ਉਨ੍ਹਾਂ ਨੂੰ ਆਪਣੀ ਲੋੜ ਮੁਤਾਬਕ ਛੁੱਟੀ ਲੈਣ ਲਈ ਵੀ ਕਈ ਪੱਧਰਾਂ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਮੁਸੀਬਤ ਨੂੰ ਘੱਟ ਕਰਨ ਲਈ ਵਿਭਾਗ ਨੇ ਆਨਲਾਈਨ ਪੋਰਟਲ ਬਣਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਅਧਿਆਪਕ ਆਪਣੇ ਘਰ ਬੈਠਾ ਹੀ ਛੁੱਟੀ ਲਈ ਅਪਲਾਈ ਕਰ ਸਕੇ ਅਤੇ ਉਸ ਨੂੰ ਪ੍ਰਵਾਨਗੀ ਲਈ ਵੱਖ-ਵੱਖ ਪੱਧਰਾਂ 'ਤੇ ਨਾ ਜਾਣਾ ਪਵੇ। ਛੁੱਟੀ ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਉਸ ਦੀ ਆਨਲਾਈਨ ਹੀ ਪ੍ਰਵਾਨਗੀ ਮਿਲ ਜਾਇਆ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਵਿਭਾਗ ਨੇ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਖੋਲ੍ਹ ਦਿੱਤਾ ਹੈ। ਪਿਛਲੇ ਸਮੇਂ ਦੌਰਾਨ ਜਿੱਥੇ ਲੰਮੇ ਸਮੇਂ ਤੋਂ ਰੁਕੀਆਂ ਤਰੱਕੀਆਂ ਕੀਤੀਆਂ ਗਈਆਂ ਹਨ, ਉਥੇ ਨਾਲ ਹੀ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਦੀ ਹਰ ਛੇ ਮਹੀਨੇ ਬਾਅਦ ਮੀਟਿੰਗ ਹੋਇਆ ਕਰੇ ਤਾਂ ਜੋ ਕਿਸੇ ਵੀ ਅਧਿਆਪਕ ਦੀ ਤਰੱਕੀ ਨਾ ਰੁਕੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ 4-9-14 ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਜਿਹੜੇ ਅਧਿਆਪਕਾਂ ਦਾ ਪਰਖ ਕਾਲ ਪੂਰਾ ਹੋ ਜਾਂਦਾ ਹੈ ਉਸ ਦੇ ਪਰਖ ਕਾਲ ਨੂੰ ਪੂਰਾ ਕਰਨ ਸਬੰਧੀ ਤਸਦੀਕ ਦਾ ਅਧਿਕਾਰ ਹੁਣ ਸਕੂਲ ਮੁਖੀ ਨੂੰ ਹੀ ਦੇ ਦਿੱਤਾ ਗਿਆ ਹੈ, ਤਾਂ ਜੋ ਅਧਿਆਪਕਾਂ ਨੂੰ ਇਸ ਲਈ ਵੀ ਮੁੱਖ ਦਫਤਰ ਵਿੱਚ ਵਾਰ-ਵਾਰ ਗੇੜੇ ਨਾ ਮਾਰਨੇ ਪੈਣ।
ਚੌਧਰੀ ਨੇ ਅਧਿਆਪਕਾਂ ਨੂੰ ਦੇਸ਼ ਦੇ ਨਿਰਮਾਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਕਿੱਤੇ ਦਾ ਪੂਰਨ ਤੌਰ 'ਤੇ ਸਨਮਾਨ ਕਰਦੀ ਹੈ। ਉਨ੍ਹਾਂ ਨੇ ਅਧਿਆਪਕ ਵਰਗ ਨੂੰ ਸੱਦਾ ਦਿੱਤਾ ਕਿ ਉਹ ਵਧੀਆ ਨਤੀਜੇ ਦੇਣ ਦੇ ਨਾਲ-ਨਾਲ ਵਿਦਿਆਰਥੀ ਦੀ ਸ਼ਖਸੀਅਤ ਉਸਾਰੀ ਦਾ ਕੰਮ ਤਨਦੇਹੀ ਨਾਲ ਕਰਨ, ਇਸ ਦੇ ਇਵਜ਼ ਵਜੋਂ ਪੰਜਾਬ ਸਰਕਾਰ ਉਨ੍ਹਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਣ 'ਚ ਕੋਈ ਢਿੱਲ ਨਹੀਂ ਦਿਖਾਵੇਗੀ। ਉਨ੍ਹਾਂ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਵਿੱਚ ਸਾਰਾ ਕੰਮ ਪਾਰਦਰਸ਼ਤਾ ਨਾਲ ਚੱਲ ਰਿਹਾ ਹੈ ਅਤੇ ਵਿਭਾਗ ਨੂੰ ਬਹੁਤ ਹੀ ਵਧੀਆ ਅਧਿਕਾਰੀਆਂ ਦੀ ਟੀਮ ਚਲਾ ਰਹੀ ਹੈ। ਵਿਭਾਗ ਨੂੰ ਹੋਰ ਬੇਹਤਰ ਕਰਨ ਲਈ ਉਨ੍ਹਾਂ ਅਧਿਆਪਕਾਂ ਤੋਂ ਸੁਝਾਅ ਵੀ ਮੰਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਸਹੂਲਤਾਂ ਅਤੇ ਸੱਭਿਆਚਾਰ ਦੀ ਸੰਭਾਲ ਲਈ ਬਹੁਤ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਪੰਜਾਬ ਦੇ ਲੋਕ ਹਮੇਸ਼ਾਂ ਪੰਜਾਬ ਸਰਕਾਰ ਦੇ ਰਿਣੀ ਰਹਿਣਗੇ। ਉਨ੍ਹਾਂ ਨੇ ਇਸ ਮੌਕੇ ਹਲਕਾ ਸਾਹਨੇਵਾਲ ਦੀਆਂ ਲੋੜਾਂ ਅਤੇ ਸਿੱਖਿਆ ਸੁਧਾਰ ਨਾਲ ਸੰਬੰਧਤ ਕਈ ਮਸਲੇ ਕੈਬਨਿਟ ਮੰਤਰੀ ਨਾਲ ਸਾਂਝੇ ਕੀਤੇ। ਇਸ ਮੌਕੇ ਉੱਤਮ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ, ਉੱਪ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਡਿੰਪਲ ਮਦਾਨ, ਯੂਨੀਅਨ ਦੇ ਸੂਬਾ ਵਿੱਤ ਸਕੱਤਰ ਸ. ਜਗਜੀਤ ਸਿੰਘ, ਜ਼ਿਲਾ ਪ੍ਰਧਾਨ ਸ. ਧਰਮਜੀਤ ਸਿੰਘ ਢਿੱਲੋਂ, ਮਾਸਟਰ ਜਸਵਿੰਦਰ ਸਿੰਘ ਜੱਸੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
