ਮੋਹਾਲੀ : ਕੱਚੇ ਅਧਿਆਪਕਾਂ 'ਤੇ ਪੁਲਸ ਨੇ ਵਰ੍ਹਾਏ ਅੱਥਰੂ ਗੈਸ ਦੇ ਗੋਲੇ, ਦੇਖੋ ਤਸ਼ੱਦਦ ਬਿਆਨ ਕਰਦੀਆਂ ਤਸਵੀਰਾਂ
Tuesday, Jul 06, 2021 - 05:44 PM (IST)
ਮੋਹਾਲੀ (ਨਿਆਮੀਆਂ) : ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਨੌਕਰੀਆਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਬੀਤੀ 16 ਜੂਨ ਤੋਂ ਲਗਾਏ ਗਏ ਧਰਨੇ ਤੋਂ ਬਾਅਦ ਅੱਜ ਇਹ ਸਾਰੇ ਹੀ ਅਧਿਆਪਕ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਅੱਗੇ ਵਧੇ। ਜਿਉਂ ਹੀ ਇਹ ਅਧਿਆਪਕ ਵਾਈ. ਪੀ. ਐੱਸ ਚੌਂਕ ਕੋਲ ਪਹੁੰਚੇ ਤਾਂ ਪੰਜਾਬ ਪੁਲਸ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਰੋਕਣ ਦਾ ਯਤਨ ਕੀਤਾ ਗਿਆ।
ਇੱਥੇ ਅਧਿਆਪਕਾਂ ਅਤੇ ਪੰਜਾਬ ਪੁਲਸ ਦੀ ਆਪਸ ਵਿੱਚ ਕਾਫ਼ੀ ਖਿੱਚ-ਧੂਹ ਹੋਈ, ਜਿਸ ਕਰਕੇ ਕੁੱਝ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਪਰ ਫਿਰ ਵੀ ਅਧਿਆਪਕ ਪੰਜਾਬ ਪੁਲਸ ਦੇ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵੱਲ ਅੱਗੇ ਵੱਧ ਗਏ ਚੰਡੀਗੜ੍ਹ ਪੁਲਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰੋਕਣ ਲਈ ਅੱਜ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਇਨ੍ਹਾਂ ਅਧਿਆਪਕਾਂ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਤਾਂ ਪੁਲਸ ਨੇ ਇਸ ਵਾਰ ਮਿੱਟੀ ਨਾਲ ਭਰ ਕੇ ਟਿੱਪਰ ਸੜਕ 'ਤੇ ਖੜ੍ਹੇ ਕਰ ਦਿੱਤੇ ਤਾਂ ਜੋ ਇਹ ਅਧਿਆਪਕ ਕਿਸੇ ਵੀ ਤਰ੍ਹਾਂ ਅੱਗੇ ਨਾ ਵਧ ਸਕਣ।
ਜਿਉਂ ਹੀ ਇਹ ਅਧਿਆਪਕ ਚੰਡੀਗੜ੍ਹ ਅੰਦਰ ਜਾਣ ਲਈ ਬੈਰੀਕੇਡਾਂ ਕੋਲ ਪਹੁੰਚੇ ਤਾਂ ਚੰਡੀਗੜ੍ਹ ਪੁਲਸ ਨੇ ਇਨ੍ਹਾਂ 'ਤੇ ਅੱਥਰੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਲਗਾਤਾਰ ਅੱਥਰੂ ਗੈਸ ਦੇ ਗੋਲੇ ਚੱਲਦੇ ਰਹੇ ਅਤੇ ਅਧਿਆਪਕ ਉਨ੍ਹਾਂ ਤੋਂ ਨਾ ਘਬਰਾਏ ਪਰ ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਦੀਆਂ ਦਸਤਾਰਾਂ ਉਤਰ ਗਈਆਂ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ 'ਸਬ ਇੰਸਪੈਕਟਰਾਂ' ਦੀ ਭਰਤੀ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ, ਇੰਝ ਕਰੋ ਅਪਲਾਈ
ਮਹਿਲਾ ਅਧਿਆਪਕਾਵਾਂ ਦੇ ਕੱਪੜੇ ਫਟ ਗਏ ਅਤੇ ਕਈ ਅਧਿਆਪਕਾਂ ਬੇਹੋਸ਼ ਵੀ ਹੋ ਗਈਆਂ। ਚਾਰ ਤੋਂ ਪੰਜ ਵਾਰ ਐਂਬੂਲੈਂਸ ਇਨ੍ਹਾਂ ਜ਼ਖਮੀ ਅਤੇ ਬੇਹੋਸ਼ ਹੋਏ ਅਧਿਆਪਕਾਂ ਨੂੰ ਲੈ ਕੇ ਉੱਥੋਂ ਹਸਪਤਾਲਾਂ ਵੱਲ ਜਾਂਦੀਆਂ ਦੇਖੀਆਂ ਗਈਆਂ।
ਪੁਲਸ ਵੱਲੋਂ ਇਨ੍ਹਾਂ 'ਤੇ ਜੰਮ ਕੇ ਜਲ ਤੋਪ ਦਾ ਇਸਤੇਮਾਲ ਕੀਤਾ ਗਿਆ ਅਤੇ ਬਹੁਤ ਪਾਣੀ ਵਰਸਾਇਆ ਗਿਆ ਪਰ ਅਧਿਆਪਕ ਫਿਰ ਵੀ ਨਾ ਹਟੇ ਅਤੇ ਚੰਡੀਗੜ੍ਹ ਵੱਲ ਵੱਧਣ ਲਈ ਬਜ਼ਿੱਦ ਰਹੇ।
ਇਸ ਖਿੱਚ-ਧੂਹ ਵਿੱਚ ਇੱਕ ਅਧਿਆਪਕ ਦਾ ਕਮੀਜ਼ ਚੰਡੀਗੜ੍ਹ ਪੁਲਸ ਵੱਲੋਂ ਖਿੱਚ-ਧੂਹ ਕੇ ਫਾੜ੍ਹ ਦਿੱਤਾ ਗਿਆ। ਉਸ ਨੂੰ ਇਕ ਮਹਿਲਾ ਕਰਮਚਾਰੀ ਨੇ ਆਪਣਾ ਕੱਪੜਾ ਤਨ ਢਕਣ ਲਈ ਦਿੱਤਾ, ਜਿਸ ਦਾ ਅਧਿਆਪਕਾਂ ਵਿਚ ਬਹੁਤ ਰੋਸ ਸੀ। ਇਕ ਅਧਿਆਪਕਾ ਜਦੋਂ ਚੰਡੀਗੜ੍ਹ ਪੁਲਸ ਵੱਲੋਂ ਲਗਾਏ ਗਏ ਬੈਰੀਕੇਡਾਂ 'ਤੇ ਚੜ੍ਹ ਗਈ ਤਾਂ ਉਸ ਨੂੰ ਉਥੋਂ ਉਤਾਰਨ ਲਈ ਚੰਡੀਗੜ੍ਹ ਪੁਲਸ ਦੀਆਂ ਮਹਿਲਾ ਮੁਲਾਜ਼ਮਾਂ ਨੇ ਕਾਫੀ ਖਿੱਚ-ਧੂਹ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ : ਵਾਟਰ ਕੂਲਰ 'ਚੋਂ ਪਾਣੀ ਪੀਣ ਲੱਗੀ ਕੁੜੀ ਨੂੰ ਪਿਆ ਕਰੰਟ, ਮੌਕੇ 'ਤੇ ਹੀ ਤੋੜਿਆ ਦਮ
ਇਸ ਦੌਰਾਨ 7-8 ਮਹਿਲਾ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਚੁੱਕ ਲਿਆ। ਇਕ ਮਹਿਲਾ ਮੁਲਾਜ਼ਮ ਦੇ ਪੈਰ ਹੇਠ ਆ ਕੇ ਉਸ ਦਾ ਕਮੀਜ਼ ਫਟ ਗਿਆ, ਜਿਸ ਨਾਲ ਉਸਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਅਖ਼ੀਰ ਕਾਫ਼ੀ ਕਸ਼ਮਕਸ਼ ਤੋਂ ਬਾਅਦ ਅਧਿਆਪਕ ਬੈਰੀਕੇਡਾਂ ਦੇ ਕੋਲ ਹੀ ਧਰਨਾ ਲਾ ਕੇ ਸੜਕਾਂ 'ਤੇ ਬੈਠ ਗਏ ਇਸ ਮੌਕੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਵੀ ਉੱਥੇ ਪਹੁੰਚ ਗਏ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਕੱਚੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਅਚਾਨਕ ਅੱਜ ਸਵੇਰੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ,. ਜਿਸ ਤੋਂ ਬਾਅਦ ਅਧਿਆਪਕਾਂ ਨੇ ਰੂਸ ਵਜੋਂ ਚੰਡੀਗੜ੍ਹ ਵੱਲ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਕੂਚ ਕਰਨ ਦਾ ਫ਼ੈਸਲਾ ਕਰ ਲਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ