ਬਿਨਾਂ ਸਹਾਰੇ ਚੱਲਣ 'ਚ ਅਸਮਰਥ ਇਨ੍ਹਾਂ ਅਧਿਆਪਕਾਂ ਨੇ ਕੋਰੋਨਾ ਕਾਲ 'ਚ ਵੀ ਨਿਭਾਈ ਅਹਿਮ ਭੂਮਿਕਾ
Saturday, Sep 05, 2020 - 12:00 PM (IST)
ਜਲੰਧਰ (ਸੁਮਿਤ)— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਮਹਾਮਾਰੀ ਕਾਰਨ ਹਾਲਾਤ ਪਹਿਲਾਂ ਵਰਗੇ ਨਹੀਂ ਹਨ। ਇਸ ਲਈ ਅਧਿਆਪਕਾਂ ਨੂੰ ਵੀ ਘਰਾਂ 'ਚ ਬੈਠੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਮਿਡ-ਡੇ-ਮੀਲ ਪਹੁੰਚਾਉਣਾ ਪਿਆ। ਇਸ ਦੇ ਨਾਲ ਹੀ ਪੇਪਰ ਲੈਣ ਲਈ ਵੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਨੀ ਪਈ। ਇਕ ਆਮ ਅਧਿਆਪਕ ਨੇ ਤਾਂ ਥੋੜ੍ਹੀ ਮਿਹਨਤ ਕਰਕੇ ਇਹ ਕੰਮ ਕਰ ਲਏ ਪਰ ਉਨ੍ਹਾਂ ਅਧਿਆਪਕਾਂ ਨੇ ਵੀ ਹਿੰਮਤ ਨਹੀਂ ਹਾਰੀ, ਜਿਹੜੇ ਬਿਨਾਂ ਸਹਾਰੇ ਦੇ ਚੱਲ ਵੀ ਨਹੀਂ ਸਕਦੇ। ਅਸੀਂ ਅਜਿਹੀਆਂ ਹੀ 2 ਅਧਿਆਪਕਾਵਾਂ ਨਾਲ ਮਿਲਾਉਣ ਜਾ ਰਹੇ ਹਾਂ, ਜੋ ਦਿਵਿਆਂਗ ਹੋ ਕੇ ਵੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੀਆਂ ਹਨ।
ਇਹ ਵੀ ਪੜ੍ਹੋ: ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)
ਸਰਕਾਰੀ ਹਾਈ ਸਕੂਲ ਕੋਟ ਸਦੀਕ ਦੀ ਸੋਸ਼ਲ ਸਾਇੰਸ ਅਤੇ ਅਗਰੇਜ਼ੀ ਦੀ ਅਧਿਆਪਕਾ ਮਨਜੀਤ ਕੌਰ ਪੋਲੀਓ ਦਾ ਸ਼ਿਕਾਰ ਹੋ ਗਈ ਸੀ ਅਤੇ ਦੋਵਾਂ ਲੱਤਾਂ ਤੋਂ ਦਿਵਿਆਂਗ ਹੈ, ਇਸ ਕਾਰਨ ਉਹ ਬੈਸਾਖੀਆਂ ਸਹਾਰੇ ਹੀ ਚੱਲ ਸਕਦੀ ਹੈ ਅਤੇ ਬਿਨਾਂ ਸਹਾਰੇ ਇਕ ਕਦਮ ਵੀ ਨਹੀਂ ਚੱਲ ਸਕਦੀ। ਇਸ ਦੇ ਬਾਵਜੂਦ ਉਹ ਰੋਜ਼ਾਨਾ 10 ਤੋਂ 12 ਕਿਲੋਮੀਟਰ ਸਫਰ ਤੈਅ ਕਰਕੇ ਸਕੂਲ ਪਹੁੰਚਦੀ ਹੈ ਅਤੇ ਉਸ ਨੂੰ ਇਸ ਲਈ 2 ਵਾਰ ਆਟੋ ਵੀ ਬਦਲਣਾ ਪੈਂਦਾ ਹੈ। ਤਾਜਪੁਰ ਦੀ ਰਹਿਣ ਵਾਲੀ ਮਨਜੀਤ ਪਹਿਲਾਂ ਚੱਲ ਕੇ ਘਰ ਤੋਂ ਮੁੱਖ ਸੜਕ ਤੱਕ ਆਉਂਦੀ ਹੈ, ਉਸ ਤੋਂ ਬਾਅਦ ਗੁਰੂ ਰਵਿਦਾਸ ਚੌਂਕ ਦਾ ਆਟੋ ਲੈਂਦੀ ਹੈ ਅਤੇ ਫਿਰ ਨਵਾਂ ਆਟੋ ਆਪਣੇ ਸਕੂਲ ਤੱਕ। ਫਿਰ ਅਜਿਹਾ ਹੀ ਛੁੱਟੀ ਸਮੇਂ ਵੀ ਕਰਦੀ ਹੈ। ਉਸ ਨੇ ਕਈ ਸਾਲ ਕਾਂਟਰੈਕਟ ਟੀਚਰ ਵਜੋਂ ਬਹੁਤ ਘੱਟ ਤਨਖਾਹ 'ਤੇ ਕੰਮ ਕੀਤਾ। ਉਸ ਨੇ ਦੱਸਿਆ ਕਿ ਕਲਾਸ ਇੰਚਾਰਜ ਹੋਣ ਕਾਰਨ ਕੋਰੋਨਾ ਕਾਲ 'ਚ ਵੀ ਉਸ ਨੂੰ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਣੀ ਪਈ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਕਿਹਾ ਕਿ ਸਾਨੂੰ ਆਪਣੇ ਅੰਦਰ ਆਤਮ-ਵਿਸ਼ਵਾਸ ਜਗਾਉਣਾ ਚਾਹੀਦਾ ਹੈ ਅਤੇ ਆਪਣੀ ਕਮੀ ਨੂੰ ਆਪਣੀ ਕਮਜ਼ੋਰ ਨਹੀਂ ਬਣਾਉਣਾ ਚਾਹੀਦਾ।
ਇਹ ਵੀ ਪੜ੍ਹੋ: ਗੋਰਖਧੰਦੇ ਦਾ ਪਰਦਾਫਾਸ਼, ਬਿਆਸ ਦਰਿਆ ਦੇ ਟਾਪੂ ਤੋਂ ਵੱਡੀ ਮਾਤਰਾ 'ਚ ਲਾਹਣ ਦਾ ਜਖ਼ੀਰਾ ਬਰਾਮਦ
ਆਉਣ-ਜਾਣ 'ਚ ਹੁੰਦੀ ਸੀ ਦਿੱਕਤ ਤਾਂ ਸਕੂਲ ਦੇ ਨੇੜੇ ਹੀ ਰਹਿਣ ਲੱਗੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਦੀ ਸੋਸ਼ਲ ਸਾਇੰਸ ਅਧਿਆਪਕਾ ਜਸਵਿੰਦਰ ਕੌਰ ਪੋਲੀਓ ਪੀੜਤ ਹੋਣ ਕਾਰਨ ਚੱਲਣ-ਫਿਰਨ 'ਚ ਅਸਮਰੱਥ ਹੈ ਪਰ ਉਸ ਨੇ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਸਮਝਿਆ। ਉਸ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਆਪਣੇ ਸਕੂਲ ਸਮੇਂ ਦੌਰਾਨ ਬੱਚਿਆਂ ਨੂੰ ਪੜ੍ਹਾਉਂਦੀ ਹੀ ਹੈ। ਵਾਧੂ ਕਲਾਸ ਵੀ ਲਗਾਉਂਦੀ ਹੈ। ਇਸ ਦੇ ਬਾਵਜੂਦ ਘਰ ਦਾ ਸਾਰਾ ਕੰਮ ਵੀ ਖੁਦ ਹੀ ਕਰਦੀ ਹੈ। ਜਸਵਿੰਦਰ ਜੋ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਨੌਕਰੀ ਮੁਠੱਡਾ ਖੁਰਦ ਪਿੰਡ 'ਚ ਕਰਦੀ ਹੈ। ਕੁਝ ਸਾਲ ਉਹ ਲੁਧਿਆਣਾ ਤੋਂ ਆਉਂਦੀ ਰਹੀ ਪਰ ਦਿਵਿਆਂਗ ਹੋਣ ਕਾਰਨ ਆਉਣ-ਜਾਣ 'ਚ ਉਸ ਨੂੰ ਪਰੇਸ਼ਾਨੀ ਹੁੰਦੀ ਹੈ, ਇਸ ਲਈ ਉਹ ਪਿੰਡ 'ਚ ਆ ਕੇ ਰਹਿਣ ਲੱਗੀ ਜਿੱਥੇ ਸਕੂਲ ਹੈ।
ਇਹ ਵੀ ਪੜ੍ਹੋ: ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)
ਉਸ ਨੇ ਦੱਸਿਆ ਕਿ ਉਸ ਦੇ ਪਤੀ ਵੀ ਦਿਵਿਆਂਗ ਹਨ ਅਤੇ ਦੁਕਾਨ ਕਰਦੇ ਹਨ। ਇਸ ਤੋਂ ਇਲਾਵਾ 2 ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ। ਮਹਾਮਾਰੀ ਕਾਰਨ ਉਸ ਨੂੰ ਬੱਚਿਆਂ ਦੇ ਘਰਾਂ ਤੱਕ ਪਹੁੰਚ ਕਰਨੀ ਪਈ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਦੇ ਬੱਚਿਆਂ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਲੈ ਕੇ ਗਏ। ਫਿਰ ਘਰ ਆ ਕੇ ਸਾਰਾ ਕੰਮ ਵੀ ਖੁਦ ਕੀਤਾ। ਉਸ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਨੇ ਪ੍ਰਸ਼ੰਸਾ ਪੱਤਰ ਵੀ ਦਿੱਤਾ। ਉਸ ਨੇ ਸੁਨੇਹਾ ਦਿੱਤਾ ਕਿ ਸਾਨੂੰ ਆਪਣੀ ਅੰਦਰੂਨੀ ਚੰਗਿਆਈ ਨੂੰ ਪਛਾਣਨਾ ਚਾਹੀਦਾ ਹੈ ਅਤੇ ਸਾਕਾਰਾਤਮਕ ਰਹਿਣਾ ਚਾਹੀਦਾ ਹੈ ਕਿਉਂਕਿ ਨਕਾਰਾਤਮਕ ਰਹਿਣ ਵਾਲਾ ਅੱਗੇ ਨਹੀਂ ਵਧ ਸਕਦਾ।
ਇਹ ਵੀ ਪੜ੍ਹੋ: ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ