ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

01/16/2018 12:25:43 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 3 ਸਾਲਾਂ ਤੋਂ ਸੰਘਰਸ਼ ਕਰ ਰਹੇ 5178 ਮਾਸਟਰ ਕੇਡਰ ਯੂਨੀਅਨ ਦੇ ਅਧਿਆਪਕਾਂ ਨੇ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਸਵਿੰਦਰ ਔਜਲਾ, ਸਕੱਤਰ ਦਿਲਬਾਗ ਸਿੰਘ ਭਾਰਟਾ ਤੇ ਹਰਵਿੰਦਰ ਸਿੰਘ ਹੈਬੋਵਾਲ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ 'ਚ ਸਿਰਫ 6 ਹਜ਼ਾਰ ਰੁਪਏ ਮਹੀਨੇ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਿਛਲੀ ਸਰਕਾਰ ਦੀ ਤਰ੍ਹਾਂ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵੀ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਜ਼ਰੂਰੀ ਕਦਮ ਨਹੀਂ ਉਠਾ ਰਹੀ। 5178 ਟੀ.ਈ.ਟੀ. ਪਾਸ ਅਧਿਆਪਕਾਂ ਨੂੰ ਸਾਲ 2014 'ਚ 3 ਸਾਲ ਦੇ ਠੇਕੇ 'ਤੇ ਨਿਯੁਕਤ ਕੀਤਾ ਗਿਆ ਸੀ, ਜਿਸ ਉਪਰੰਤ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਸ਼ਰਤ ਸੀ ਤੇ ਇਸ ਸਬੰਧੀ ਪਿਛਲੇ ਨਵੰਬਰ ਮਹੀਨੇ 'ਚ ਕੇਸ ਵੀ ਮੰਗਵਾ ਲਈ ਗਏ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਅਦਾਖਿਲਾਫੀ ਦੇ ਵਿਰੋਧ 'ਚ ਪੰਜਾਬ ਭਰ ਦੇ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸੂਬਾ ਯੂਨੀਅਨ ਦੇ ਫ਼ੈਸਲੇ ਤਹਿਤ ਸਰਕਾਰ ਨੂੰ ਹਰ ਫਰੰਟ ਤੋਂ ਘੇਰਨ ਦਾ ਫ਼ੈਸਲਾ ਲਿਆ ਗਿਆ ਹੈ।
ਜੇਕਰ ਅਧਿਆਪਕਾਂ ਨੂੰ ਜਲਦੀ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ। ਇਸ ਮੌਕੇ ਡੀ.ਟੀ.ਐੱਫ. ਦੇ ਜ਼ਿਲਾ ਸਕੱਤਰ ਕੁਲਦੀਪ ਜੇਠੂਮਜਾਰਾ, ਪਰਮਜੀਤ, ਹਰਜੀਤ ਸਿੰਘ, ਰਾਮਜੀਤ, ਮਨਜੀਤ ਰਾਮ, ਸੁਖਜਿੰਦਰ ਸਿੰਬਲ ਮਜਾਰਾ, ਭਾਗ ਸਿੰਘ, ਪਰਵਿੰਦਰ ਸਿੰਘ, ਸੰਦੀਪ ਸਿੰਘ, ਨਵਜੋਤ ਸਿੰਘ, ਅਜੇ ਚਾਹੜ ਮਜਾਰਾ, ਸੁਰਿੰਦਰ ਨਾਈਮਜਾਰਾ, ਮੁਲਖ ਰਾਜ ਆਦਿ ਹਾਜ਼ਰ ਸਨ।


Related News