ਡੀ. ਓ. ਵਲੋਂ ਜੇ. ਬੀ. ਟੀ. ਅਧਿਆਪਕਾਂ ਨੂੰ ਤਰੱਕੀ ਦੇ ਹੁਕਮਾਂ ਦਾ ਸੀਨੀਅਰ ਅਧਿਆਪਕਾਂ ਵਲੋਂ ਵਿਰੋਧ

09/25/2018 7:12:32 PM

ਜਲੰਧਰ (ਅਰੁਣ) : ਜੇ. ਬੀ. ਟੀ. ਅਧਿਆਪਕਾਂ ਨੂੰ ਬਤੌਰ ਹੈੱਡ ਅਧਿਆਪਕ ਤਰੱਕੀ ਦੇਣ ਲਈ ਡੀ. ਈ. ਓ. (ਐ.ਸੀ). ਵਲੋਂ 21 ਸਤੰਬਰ ਨੂੰ ਪੱਤਰ ਜਾਰੀ ਕੀਤਾ ਗਿਆ ਸੀ। ਜਿਸ ਪੱਤਰ ਰਾਹੀਂ ਸੀਨੀਅਰਤਾ ਸੂਚੀ ਨੰਬਰ 221 ਤੋਂ 271 ਤੱਕ ਦੇ ਯੋਗ ਅਧਿਆਪਕਾਂ ਨੂੰ 26 ਸਤੰਬਰ ਨੂੰ ਦਫਤਰ ਹਾਜ਼ਰ ਹੋ ਕੇ ਆਪਣੇ ਤਰੱਕੀ ਆਰਡਰ ਅਤੇ ਅਲਾਟ ਕੀਤੇ ਗਏ ਸਟੇਸ਼ਨ ਬਾਰੇ ਜਾਣਕਾਰੀ ਲੈਣ ਲਈ ਕਿਹਾ ਗਿਆ ਹੈ। 

ਇਸ ਸੰਬੰਧ ਵਿਚ ਕੁਝ ਜੇ. ਬੀ. ਟੀ. ਅਧਿਆਪਕਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਇਨ੍ਹਾਂ ਅਧਿਆਪਕਾਂ ਦਾ ਦੋਸ਼ ਹੈ ਕਿ ਡੀ. ਈ. ਓ. ਨੇ ਸੀਨੀਅਰਤਾ ਸੂਚੀ ਵਿਚ 0 ਤੋਂ 220 ਤੱਕ ਦੇ ਤਰੱਕੀ ਯੋਗ ਅਧਿਆਪਕਾਂ ਨੂੰ ਅਣਗੌਲਿਆਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਮਹਿਕਮੇ ਵਲੋਂ ਸੀਨੀਅਰਤਾ ਸੂਚੀ ਮੁਤਾਬਕ ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ ਸੀ ਪਰ ਅਧਿਆਪਕ ਇਸ ਤੋਂ ਇਨਕਾਰੀ ਹੋ ਗਏ ਸਨ। ਜਿਸ ਕਾਰਨ ਮਹਿਕਮੇ ਨੇ ਉਨ੍ਹਾਂ ਨੂੰ ਡੀ. ਬਾਰ ਕਰ ਦਿੱਤਾ। ਅਧਿਆਪਕਾਂ ਨੇ ਦੱਸਿਆ ਕਿ ਡੀ. ਬਾਰ ਕਰਨ ਤੋਂ ਬਾਅਦ ਦੋ ਸਾਲ ਤਕ ਉਹ ਤਰੱਕੀ ਨਹੀਂ ਲੈ ਸਕਦੇ ਹਨ ਪਰ ਹੁਣ ਡੀ. ਬਾਰ ਹੋਣ ਦੀ ਸਮਾਂ ਹੱਦ ਲੰਘ ਚੁੱਕੀ ਹੈ ਅਤੇ ਮਹਿਕਮੇ ਵਲੋਂ ਇਸ ਤੋਂ ਬਾਅਦ ਅਧਿਆਪਕਾਂ ਨੂੰ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਡੀ. ਬਾਰ. ਦਾ ਸਮਾਂ ਲੰਘਾ ਚੁੱਕੇ ਅਧਿਆਪਕਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਤਰੱਕੀ ਦੇ ਪਹਿਲਾਂ ਹੱਕਦਾਰ ਹਨ ਪਰ ਫਿਰ ਵੀ ਡੀ. ਓ. ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। 

ਇਸ ਸੰਬੰਧੀ ਡੀ. ਓ. ਜਲੰਧਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਇਧਆਪਕਾਂ ਨੂੰ ਤਰੱਕੀ ਦੇਣ ਦਾ ਮਾਮਲਾ ਕੁਝ ਮਹੀਨਿਆਂ ਤੋਂ ਵਿਚਾਰ ਅਧੀਨ ਸੀ। ਜਿਸ ਸੰਬੰਧੀ ਕਾਰਵਾਈ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ ਪੰਜਾਬ ਵਿਚ ਚੋਣ ਜ਼ਾਬਤ ਲੱਗਣ ਕਾਰਨ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ ਗਈ ਸੀ, ਹੁਣ ਚੋਣ ਜ਼ਾਬਤਾ ਖਤਮ ਹੁੰਦੇ ਸਾਰ ਹੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਗਈ ਅਤੇ ਅਧਿਆਪਕਾਂ ਸਟੇਸ਼ਨ ਅਲਾਟ ਕਰਨ ਲਈ ਸੱਦ ਲਿਆ ਗਿਆ। ਜਦੋਂ ਉਨ੍ਹਾਂ ਤੋਂ ਡੀ. ਬਾਰ. ਹੋਏ ਅਧਿਆਪਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ੰਦੱਸਿਆ ਕਿ ਭਵਿੱਖ ਵਿਚ ਅਧਿਆਪਕਾਂ ਦੀ ਜਦੋਂ ਤਰੱਕੀ ਹੋਵੇਗੀ ਤਾਂ ਇਨ੍ਹਾਂ ਅਧਿਆਪਕਾਂ ਦੀ ਸੀਨੀਅਰਤਾ ਪਹਿਲ ਦੇ ਆਧਾਰ 'ਤੇ ਵਿਚਾਰੀ ਜਾਵੇਗੀ।


Related News