ਸ਼ਹੀਦ ਭਗਤ ਸਿੰਘ ਸਣੇ ਹੋਰ ਕਈ ਸ਼ਹੀਦਾਂ ਦੇ ਸਰਟੀਫ਼ਿਕੇਟਾਂ ਦੀ ਸਾਂਭ ਕਰ ਰਿਹਾ ਗੁਰਦਾਸਪੁਰ ਦਾ ਇਹ ਅਧਿਆਪਕ

Monday, Feb 06, 2023 - 05:34 PM (IST)

ਸ਼ਹੀਦ ਭਗਤ ਸਿੰਘ ਸਣੇ ਹੋਰ ਕਈ ਸ਼ਹੀਦਾਂ ਦੇ ਸਰਟੀਫ਼ਿਕੇਟਾਂ ਦੀ ਸਾਂਭ ਕਰ ਰਿਹਾ ਗੁਰਦਾਸਪੁਰ ਦਾ ਇਹ ਅਧਿਆਪਕ

ਗੁਰਦਾਸਪੁਰ (ਅਵਤਾਰ ਸਿੰਘ)- ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਭੁੱਲਦੀ ਜਾ ਰਹੀ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਰਿਆੜਕੀ ਕਾਲਜ 'ਚ ਇਕ ਅਜਿਹੀ ਗੈਲਰੀ ਹੈ ਜਿਸ 'ਚ ਤੁਹਾਨੂੰ ਸ਼ਹੀਦਾਂ ਦੀ ਮੌਤ ਦੇ ਸਰਟੀਫ਼ਿਕੇਟਾਂ ਦੇ ਨਾਲ-ਨਾਲ ਅਜਿਹੀਆਂ ਅਦੁੱਤੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਣਗੀਆਂ, ਜੋ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੀਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੀਆਂ ਪੇਂਟਿੰਗਸ ਅਤੇ ਹੱਥ ਨਾਲ ਬਣਾਈਆਂ ਤਸਵੀਰਾਂ ਤੋਂ ਇਲਾਵਾ ਤੁਹਾਨੂੰ ਇੱਥੇ ਆਜ਼ਾਦੀ ਦੇ ਹਰ ਸ਼ਹੀਦ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਜੀਵਨ ਬਾਰੇ ਜਾਣਕਾਰੀ ਮਿਲੇਗੀ। 

ਇਹ ਵੀ ਪੜ੍ਹੋ- ਬਟਾਲਾ ਦੇ ਪਿੰਡ ਦਹੀਆ ’ਚ ਦੋ ਧਿਰਾਂ ਵਿਚਾਲੇ ਗੋਲ਼ੀਆਂ ਚੱਲਣ ਨਾਲ ਦੂਜੇ ਵਿਅਕਤੀ ਦੀ ਮੌਤ

ਇਹ ਹੀ ਨਹੀਂ ਉਨ੍ਹਾਂ ਦੀਆਂ ਮਾਵਾਂ ਦੀਆਂ ਤਸਵੀਰਾਂ, ਵੱਖ-ਵੱਖ ਸ਼ਹੀਦਾਂ ਦੇ ਘਰਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਵੱਖ-ਵੱਖ ਜੇਲ੍ਹਾਂ ਦੀਆਂ ਤਸਵੀਰਾਂ ਵੀ ਇੱਥੇ ਮਿਲਣਗੀਆਂ, ਜਿੱਥੇ ਸ਼ਹੀਦਾਂ ਵੱਲੋਂ ਕੈਦ ਕੱਟੀ ਗਈ। ਸ਼ਹੀਦਾਂ ਨੂੰ ਦਿੱਤੇ ਗਏ ਦਰਦਨਾਕ ਤਸੀਹਿਆਂ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਸਕਦੇ ਹਨ, ਜਦ ਕਿ ਬੇੜੀਆਂ 'ਚ ਜਕੱੜੇ ਕੈਦੀ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇਖ ਕੇ ਕੋਈ ਵੀ ਉਨ੍ਹਾਂ ਦੇ ਕੀਤੇ ਗਏ ਬਲੀਦਾਨਾਂ ਪ੍ਰਤੀ ਸਿਰ ਝੁੱਕੇ ਬਿਨਾਂ ਰਹਿ ਨਹੀਂ ਸਕੇਗਾ।

PunjabKesari

ਇਹ ਸਭ ਇਸ ਗੈਲਰੀ ਵਿਚ ਕਾਲਜ ਦੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਨੇ ਬਹੁਤ ਮਿਹਨਤ ਨਾਲ ਇਕੱਠਾ ਕੀਤਾ ਹੈ ਅਤੇ ਹੁਣ ਇਸ ਦੀ ਦੇਖ-ਰੇਖ ਕਾਲਜ ਦੀਆਂ ਹੀ ਵਿਦਿਆਰਥਣਾਂ ਕਰ ਰਹੀਆਂ ਹਨ। ਕਾਲਜ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਸ਼ਹੀਦਾਂ ਦੇ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਇਹ ਗੈਲਰੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਗੈਲਰੀ ਵਿਚ ਭਾਰਤ ਦੇ ਇਤਿਹਾਸ ਦੇ ਹਰ ਸ਼ਹੀਦ ਦੀ ਤਸਵੀਰ ਹੈ। ਇਹ ਗੈਲਰੀ ਸਾਨੂੰ ਸ਼ਹੀਦਾਂ ਦੇ ਬਲੀਦਾਨਾਂ ਨੂੰ ਯਾਦ ਰੱਖਣ ਦੀ ਪ੍ਰੇਰਨਾ ਦਿੰਦੀ ਹੈ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ

ਇਸ ਦੇ ਨਾਲ ਹੀ ਗੈਲਰੀ ਨੂੰ ਬਣਾਉਣ ਵਾਲੇ ਪ੍ਰਿੰਸੀਪਲ ਸਵਰਨ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਣ ਦੇ ਉਦੇਸ਼ ਨਾਲ ਕਾਲਜ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਯਾਦ ਰਹੇ ਕਿ ਸਾਡੇ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਕਿਹੋ ਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ। ਇਸ ਗੈਲਰੀ ਵਿਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਹਰ ਦੇਸ਼ ਭਗਤ ਦੇ ਨਾਲ-ਨਾਲ ਸਾਹਿਬਜ਼ਾਦਿਆਂ ਅਤੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਸੰਜੋ ਕੇ ਰੱਖੀਆਂ ਗਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News