ਪੰਜਾਬ ਦੇ ਇਸ ਅਧਿਆਪਕ ਨੇ ਉਹ ਕਰ ਵਿਖਾਇਆ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਮਿਲੇਗਾ ਨੈਸ਼ਨਲ ਐਵਾਰਡ

08/22/2020 6:26:09 PM

ਲੁਧਿਆਣਾ (ਵਿੱਕੀ) : ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਾਜਾਖਾਨਾ ਨੇੜਲੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਕਾਰਜਸ਼ੀਲ ਅਧਿਆਪਕ ਰਾਜਿੰਦਰ ਕੁਮਾਰ ਦੀ ਚੋਣ ਦੇਸ਼ ਦੇ ਉਨ੍ਹਾਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਉਨ੍ਹਾਂ ਅਧਿਆਪਕਾਂ 'ਚ ਹੋਈ ਹੈ, ਜਿਨ੍ਹਾਂ ਨੂੰ ਅਧਿਆਪਕ ਦਿਵਸ (5 ਸਤੰਬਰ) ਮੌਕੇ ਨੈਸ਼ਨਲ ਐਵਾਰਡ ਦਿੱਤੇ ਜਾਣੇ ਹਨ। ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਮਾਣ ਬਣੇ ਰਾਜਿੰਦਰ ਕੁਮਾਰ ਇਸ ਵਰ੍ਹੇ੍ਕੌਮੀ ਪੁਰਸਕਾਰ ਹਾਸਲ ਕਰਨ ਵਾਲੇ ਇਕਲੌਤੇ ਅਧਿਆਪਕ ਹਨ ਅਤੇ ਦੇਸ਼ ਭਰ ਦੇ ਅਧਿਆਪਕਾਂ ਦੀ ਦਰਜ਼ਾਬੰਦੀ 'ਚ ਉਹ ਤੀਸਰੇ ਸਥਾਨ 'ਤੇ ਰਹੇ ਹਨ। ਰਾਜਿੰਦਰ ਕੁਮਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਿੰਦਰ ਕੌਰ ਨੇ ਐੱਮ. ਐੱਸ. ਸੀ., ਬੀ.ਐੱਡ. ਤੱਕ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਜਦੋਂ 2008 'ਚ ਬਤੌਰ ਪ੍ਰਾਇਮਰੀ ਸਕੂਲ ਅਧਿਆਪਕ ਵਾੜਾ ਭਾਈਕਾ ਸਕੂਲ 'ਚ ਸਰਕਾਰੀ ਸੇਵਾ ਆਰੰਭ ਕੀਤੀ ਸੀ। ਉਸ ਸਮੇਂ ਸਕੂਲ 'ਚ 129 ਦੇ ਬੱਚੇ ਸਨ ਅਤੇ ਉਨ੍ਹਾਂ ਤੋਂ ਇਲਾਵਾ 3 ਹੋਰ ਅਧਿਆਪਕ ਕਾਰਜਸ਼ੀਲ ਸਨ। ਉਕਤ ਅਧਿਆਪਕ ਜੋੜੀ ਨੇ ਸਭ ਤੋਂ ਪਹਿਲਾਂ ਆਪਣੀਆਂ ਜਮਾਤਾਂ ਦੇ ਲੰਬੇ ਸਮੇਂ ਤੋਂ ਗੈਰਹਾਜ਼ਰ ਜਾਂ ਸਕੂਲ ਲਗਾਤਾਰ ਨਾ ਆਉਣ ਵਾਲੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚ ਕਰਕੇ, ਵਿਦਿਆਰਥੀਆਂ ਦੀਆਂ ਘਰੇਲੂ ਹਾਲਾਤ ਨੂੰ ਸਮਝਿਆ। 

ਇਹ ਵੀ ਪੜ੍ਹੋ :  ਪਾਣੀਆਂ ਦੀ ਜੰਗ ਦੇ ਜੇਤੂ ਜਰਨੈਲ ਬਣ ਸਕਦੇ ਹਨ ਕੈਪਟਨ ਅਮਰਿੰਦਰ ਸਿੰਘ

ਉਨ੍ਹਾਂ ਸਭ ਤੋਂ ਪਹਿਲਾ ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇ ਕੇ, ਮਾਪਿਆਂ ਤੇ ਪਿੰਡ ਵਾਸੀਆਂ ਦੇ ਮਨ ਮੋਹ ਲਏ। ਜਿਸ ਤਹਿਤ ਉਨ੍ਹਾਂ ਬੱਚਿਆਂ ਲਈ ਪੰਜਾਬ 'ਚ ਸਭ ਤੋਂ ਪਹਿਲਾ ਸਮਾਰਟ ਕਲਾਸਰੂਮ ਸਥਾਪਤ ਕੀਤਾ, ਜਿਸ ਰਾਹੀਂ ਉਹ ਖੁਦ ਤਿਆਰ ਕੀਤੇ ਜਾਂ ਲੱਭੀ ਡਿਜ਼ੀਟਲ ਸਮੱਗਰੀ ਰਾਹੀਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲੱਗੇ। ਫਿਰ ਉਨ੍ਹਾਂ ਪੰਜ ਹਜ਼ਾਰ ਰੁਪਏ ਦੇ ਸੰਦ ਲਿਆ ਕੇ, ਸਕੂਲ ਦਾ ਸਮੁੱਚਾ ਢਾਂਚਾ ਬਦਲਣ ਦਾ ਬੀੜਾ ਚੁੱਕਿਆ। ਵਿਦਿਆਰਥੀਆਂ ਦੇ ਮਾਪਿਆਂ ਦੀ ਸਥਿਤੀ ਨੂੰ ਸਮਝਦੇ ਹੋਏ ਉਨ੍ਹਾਂ ਦਾਨ ਦੇ ਰੂਪ 'ਚ ਪੈਸੇ ਦੀ ਥਾਂ ਪਿੰਡ ਦੇ ਮਿਸਤਰੀਆਂ ਜਿੰਨ੍ਹਾਂ 'ਚ ਪਲੰਬਰ, ਰਾਜਗਿਰੀ, ਇਲੈਕਟ੍ਰੀਸ਼ਨ, ਵੈਲਡਰ ਤੇ ਲੱਕੜ ਆਦਿ ਦਾ ਕੰਮ ਕਰਨ ਵਾਲੇ ਸ਼ਾਮਲ ਸਨ, ਦੀਆਂ ਸੇਵਾਵਾਂ ਲੈਣ ਲਈ ਇਕ ਟੀਮ ਬਣਾਈ। ਇਸ ਟੀਮ ਦੇ ਮੈਂਬਰਾਂ ਨੂੰ ਸਮਾਨ ਰਾਜਿੰਦਰ ਕੁਮਾਰ ਹੋਰਾਂ ਨੇ ਪਿੰਡ ਦੀ ਪੰਚਾਇਤ, ਗੁਰਦੁਆਰਾ ਕਮੇਟੀ, ਕਲੱਬਾਂ ਤੇ ਹੋਰ ਦਾਨੀ ਸੱਜਣਾਂ ਤੋਂ ਪ੍ਰਾਪਤ ਕਰਕੇ, ਮੁਹੱਈਆ ਕਰਵਾਉਣ ਦਾ ਸਿਲਸਿਲਾ ਆਰੰਭ ਕੀਤਾ। ਜਿਸ ਤਹਿਤ ਬਹੁਤ ਹੀ ਥੋੜ੍ਹੇ ਖਰਚੇ 'ਤੇ ਵਾੜਾ ਭਾਈਕਾ ਸਕੂਲ ਦੀ ਦਿੱਖ ਬਦਲਣੀ ਆਰੰਭ ਹੋ ਗਈ। ਸਕੂਲ 'ਚ ਮਿਆਰੀ ਬੈਂਚ, ਬੋਰਡ, ਕਮਰੇ, ਪੀਣ ਦੇ ਪਾਣੀ ਦਾ ਪ੍ਰਬੰਧ, ਪਖਾਨੇ ਅਤੇ ਰਸੋਈ ਆਦਿ ਬਣਦੇ ਗਏ। ਇੰਨ੍ਹਾਂ ਮੁੱਢਲੀਆਂ ਸਹੂਲਤਾਂ ਦੇ ਨਾਲ-ਨਾਲ ਹੀ ਉਨ੍ਹਾਂ ਨੇ ਗੁਣਾਤਮਕ ਸਿੱਖਿਆ ਲਈ ਲੋੜੀਂਦੀਆਂ ਸਹੂਲਤਾਂ (ਸਮੱਗਰੀ) ਵੀ ਸਕੂਲ 'ਚ ਸਸਤੇ ਭਾਅ ਤਿਆਰ ਕੀਤੀ ਅਤੇ ਪੰਜਾਬ ਦੇ ਤਕਰੀਬਨ 450 ਸਕੂਲਾਂ ਤੱਕ ਪਹੁੰਚਾਈਆਂ। ਇਸ ਦੇ ਨਾਲ ਵਿਦਿਆਰਥੀਆਂ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਮਿਆਰੀ ਵਰਦੀ ਲਗਵਾਈ ਗਈ ਅਤੇ ਨਿੱਜੀ ਸਕੂਲਾਂ ਵਾਂਗ ਕੋਟ, ਪੈਂਟ ਤੇ ਟਾਈ ਵਾਲੇ ਵਿਦਿਆਰਥੀਆਂ ਵਾਲਾ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਬਣਿਆ। 

ਇਹ ਵੀ ਪੜ੍ਹੋ :  ਦਸੂਹਾ ਵਿਖੇ ਚੱਲ ਰਹੇ ਵਿਆਹ ਸਮਾਗਮ 'ਚ ਪਿਆ ਭੜਥੂ, ਲਾੜੇ ਦੀ ਅਸਲੀਅਤ ਜਾਣ ਬੇਹੋਸ਼ ਹੋ ਕੇ ਡਿੱਗੀ ਲਾੜੀ

ਸਕੂਲ ਦੇ ਮਿਆਰੀਕਰਨ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਇੱਥੇ 220 ਦੇ ਕਰੀਬ ਵਿਦਿਆਰਥੀ ਹਨ ਅਤੇ ਸਕੂਲ ਇੰਗਲਿਸ਼ ਮੀਡੀਅਮ 'ਚ ਚੱਲ ਰਿਹਾ ਹੈ। ਆਸ-ਪਾਸ ਦੇ 7 ਪਿੰਡਾਂ ਦੇ ਵਿਦਿਆਰਥੀ ਵੈਨਾਂ ਰਾਹੀਂ ਇਸ ਸਕੂਲ 'ਚੋਂ ਮਿਆਰੀ ਵਿਦਿਆ ਹਾਸਿਲ ਕਰਨ ਲਈ ਪੁੱਜਦੇ ਹਨ। ਰਾਜਿੰਦਰ ਕੁਮਾਰ ਨੂੰ ਇਸ ਵਿਕਾਸ ਦੇ ਦੌਰ 'ਚ ਆਪਣੀ ਪਤਨੀ ਹਰਿੰਦਰ ਕੌਰ ਦਾ ਬਹੁਤ ਸਹਿਯੋਗ ਮਿਲਿਆ ਅਤੇ ਉਹ ਹਰ ਯੋਜਨਾ ਤੇ ਸਰਗਰਮੀ 'ਚ ਭਾਗੀਦਾਰ ਬਣਕੇ ਅੱਗੇ ਵਧੇ। ਰਾਜਿੰਦਰ ਕੁਮਾਰ ਨੂੰ ਪਿਛਲੇ ਵਰ੍ਹੇ੍ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪੂਰੀ ਤਰ੍ਹਾਂ ਸਕੂਲ ਨੂੰ ਸਮਰਪਿਤ ਇਹ ਅਧਿਆਪਕ ਜੋੜੀ ਦੋ-ਦੋ ਵਾਰ ਬਤੌਰ ਸਾਇੰਸ ਮਾਸਟਰ ਮਿਲੀ ਵਿਭਾਗੀ ਤਰੱਕੀ ਨੂੰ ਤਿਆਗ ਕੇ, ਪ੍ਰਾਇਮਰੀ ਸਕੂਲ ਨੂੰ ਆਪਣੀ ਕਰਮਭੂਮੀ ਬਣਾਉਣ ਲਈ ਬਜਿੱਦ ਹਨ। ਰਾਜਿੰਦਰ ਕੁਮਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲ ਅਧਿਆਪਕਾਂ ਲਈ ਮਾਰਗਦਰਸ਼ਕ ਬਣੀ ਉਕਤ ਜੋੜੀ 'ਤੇ ਸਕੂਲ ਸਿੱਖਿਆ ਵਿਭਾਗ ਨੂੰ ਸਦਾ ਮਾਣ ਰਹੇਗਾ।

ਇਹ ਵੀ ਪੜ੍ਹੋ :  ਵਿਧਾਨ ਸਭਾ ਸੈਸ਼ਨ 'ਚ ਦਾਖਲੇ ਲਈ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ


Gurminder Singh

Content Editor

Related News