ਮਿਸਾਲ ਬਣੀ 'ਚਾਹ ਵਾਲੇ ਦੀ ਗੁਰੂ ਦਕਸ਼ਣਾ', ਦੁਕਾਨ ਨੂੰ ਬਣਾਇਆ ਹੈਲਪ ਡੈਸਕ
Saturday, Aug 08, 2020 - 04:19 PM (IST)
ਲੁਧਿਆਣਾ (ਵਿੱਕੀ) : ਹੁਣ ਇਸ ਨੂੰ ਭਾਵੇਂ ਆਪਣੇ ਸਕੂਲ ਦੇ ਨਾਲ ਲਗਾਅ ਕਿਹਾ ਜਾਵੇ ਜਾਂ ਫਿਰ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਵਿਚ ਗੁਣਾਤਮਕ ਸਿੱਖਿਆ ਦਿਵਾਉਣ ਦਾ ਜਨੂੰਨ ਪਰ 50 ਸਾਲ ਪਹਿਲਾਂ ਸਰਕਾਰੀ ਸਕੂਲ ਮਲਟੀਪਰਪਜ਼ ਤੋਂ ਸਿੱਖਿਆ ਹਾਸਲ ਕਰਨ ਵਾਲਾ ਡਿੰਪਲ ਹੁਣ ਇਸ ਸਕੂਲ ਦੇ ਦਾਖਲੇ ਵਧਾਉਣ ਦੇ ਲਈ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਨੂੰ ਸਕੂਲ ਦੇ ਬਾਹਰ ਡਿੰਪਲ ਇਕ ਚਾਹ ਦੀ ਦੁਕਾਨ ਚਲਾ ਰਿਹਾ ਹੈ। ਜਿੱਥੇ ਕੋਰੋਨਾ ਦੇ ਮੁਸ਼ਕਲ ਸਮੇਂ 'ਚ ਉਸ ਨੇ ਦੁਕਾਨ ਨੂੰ ਹੀ ਹੈਲਪ ਡੈਸਕ ਦੇ ਰੂਪ 'ਚ ਤਬਦੀਲ ਕਰ ਦਿੱਤਾ ਅਤੇ ਸਕੂਲ 'ਚ ਦਾਖਲਾ ਲੈਣ ਆਉਣ ਵਾਲੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਆਨਲਾਈਨ ਦਾਖਲ ਕਰਵਾਇਆ। ਡਿੰਪਲ ਨੇ ਆਨਲਾਈਨ ਦਾਖਲੇ ਦਾ ਲਿੰਕ ਵੱਡੀ ਗਿਣਤੀ 'ਚ ਲੋਕਾਂ ਤੱਕ ਪਹੁੰਚਾਇਆ। ਸਕੂਲ ਬੰਦ ਸੀ ਪਰ ਸਾਰੀ ਐਡਮਿਸ਼ਨ ਡਰਾਈਵ ਡਿੰਪਲ ਨੇ ਦੁਕਾਨ ਤੋਂ ਚਲਾਈ। ਦੱਸ ਦੇਈਏ ਕਿ ਤਾਲਾਬੰਦੀ ਦੀ ਵਜ੍ਹਾ ਨਾਲ ਪਿਛਲੇ ਸਾਢੇ 4 ਮਹੀਨਿਆਂ ਤੋਂ ਸਕੂਲ ਬੰਦ ਪਏ ਹਨ ਪਰ ਚਾਹ ਵਾਲੇ ਡਿੰਪਲ ਨੇ ਸਕੂਲ ਦੇ ਬਾਹਰ ਆਪਣੀ ਦੁਕਾਨ 'ਚ ਬੈਠ ਕੇ ਚਾਹ ਵੀ ਵੇਚੀ ਅਤੇ ਦਾਖਲੇ ਨੂੰ ਵਧਾਉਣ ਦੀ ਜ਼ਿੰਮੇਵਾਰੀ ਵੀ ਨਿਭਾਈ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ 1700 ਸੀ, ਜੋ ਹੁਣ ਰਿਕਾਰਡ 3400 ਹੋ ਗਈ। ਚੰਗੀ ਖ਼ਬਰ ਇਹ ਵੀ ਹੈ ਕਿ ਵੱਡੀ ਗਿਣਤੀ 'ਚ ਪ੍ਰਾਈਵੇਟ ਸਕੂਲਾਂ 'ਚੋਂ ਆਉਣ ਵਾਲੇ ਬੱਚਿਆਂ ਦੀ ਹੈ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਨੇ ਵੀ ਪਿਛਲੇ 4 ਮਹੀਨਿਆਂ 'ਚ ਦਾਖਲੇ 'ਚ ਕਾਫ਼ੀ ਮਿਹਨਤ ਕੀਤੀ ਹੈ।
ਇਹ ਵੀ ਪੜ੍ਹੋ : ਮਾਈਨਿੰਗ ਮਾਫ਼ੀਆ 'ਤੇ ਆਪਣਾ ਅਕਸ ਸੁਧਾਰਨ 'ਤੇ ਉਤਰੀ ਪੰਜਾਬ ਸਰਕਾਰ
'ਦਾਖਲੇ ਲਈ ਆਉਣ ਵਾਲੇ ਮਾਪਿਆਂ ਨੂੰ ਡਿੰਪਲ ਨੇ ਕੀਤਾ ਅਟੈਂਡ'
ਪਿੰ੍ਰ. ਨਵਦੀਪ ਰੋਮਾਣਾ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਫੇਸਬੁਕ ਜਾਂ ਵ੍ਹਟਸਐਪ ਜ਼ਰੀਏ ਵੀ ਦਾਖਲੇ ਦਾ ਪ੍ਰਚਾਰ ਕੀਤਾ ਪਰ ਬਹੁਤ ਸਾਰੇ ਬੱਚੇ ਜਾਂ ਮਾਪੇ ਆਨਲਾਈਨ ਦੀ ਜਾਣਕਾਰੀ ਰੱਖਦੇ ਸੀ ਅਤੇ ਸਕੂਲ ਆ ਕੇ ਸੰਤੁਸ਼ਟੀ ਮਹਿਸੂਸ ਕਰਦੇ ਸਨ। ਉਨ੍ਹਾਂ ਸਭ ਨੂੰ ਡਿੰਪਲ ਨੇ ਅਟੈਂਡ ਕੀਤਾ ਕਿਉਂਕਿ ਸਕੂਲ ਦੇ ਗੇਟ ਦੇ ਬਾਹਰ ਸੀ। ਜਿਸ ਕਾਰਨ ਸਕੂਲ ਦੇ ਦਾਖਲੇ ਲਈ ਜਿੱਥੇ ਸਕੂਲ ਸਟਾਫ ਦਾ ਕਮਾਲ ਦਾ ਟੀਮ ਵਰਕ ਸੀ। ਉਥੇ ਡਿੰਪਲ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਡਿੰਪਲ ਲੰਮੇ ਸਮੇਂ ਤੋਂ ਸਕੂਲ ਦੇ ਸਾਹਮਣੇ ਹੀ ਚਾਹ ਦੀ ਦੁਕਾਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਥੇ ਇਲੈਕਟ੍ਰੋਨਿਕਸ ਦਾ ਕੰਮ ਵੀ ਸੀ। ਹੁਣ ਵੀ ਸਕੂਲ ਦੇ ਜਨਰੇਟਰ, ਸਾਊਂਡ ਸਿਸਟਮ ਅਤੇ ਹੋਰ ਛੋਟੇ ਮੋਟੇ ਕੰਮ ਮੁਫਤ ਕਰਦਾ ਹੈ। ਉਸ ਨੇ 1970 ਵਿਚ ਸਕੂਲ ਤੋਂ 10ਵੀਂ ਕੀਤੀ ਸੀ। ਸਰਕਾਰੀ ਨੌਕਰੀ ਦਾ ਸੰਯੋਗ ਵੀ ਬਣਿਆ ਪਰ ਉਸ ਨੇ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਆਪਣੇ ਬੇਟੀ, ਪੁੱਤਰ ਨੂੰ ਉੱਚ ਯੋਗਤਾ ਵਿੱਦਿਆ ਦਿਵਾਈ, ਚੰਗੀਆਂ ਨੌਕਰੀਆਂ ਦੇ ਕਾਬਿਲ ਬਣਾਇਆ ਪਰ ਖੁਦ ਸਕੂਲ ਦੇ ਕਾਰਜਾਂ ਨੂੰ ਸਮਰਪਿਤ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ
ਅਧਿਆਪਕਾਂ ਨੇ ਜੋ ਸਿਖਾਇਆ, ਉਹ ਕਰ ਰਿਹਾ ਹਾਂ : ਡਿੰਪਲ
ਸਕੂਲ ਦੇ ਪ੍ਰਤੀ ਇੰਨੀ ਭਾਵਨਾ ਦੇ ਸਬੰਧ ਵਿਚ ਜਦ ਡਿੰਪਲ ਦੇ ਨਾਲ ਗੱਲ ਹੋਈ ਤਾਂ ਉਸ ਨੇ ਸਹਿਜ ਸੁਭਾਅ ਵਿਚ ਕਿਹਾ ਕਿ ਉਹ ਤਾਂ ਇਕ ਵਿਦਿਆਰਥੀ ਦੇ ਸਕੂਲ ਪ੍ਰਤੀ ਕਰੱਤਵ ਨੂੰ ਨਿਭਾਅ ਰਿਹਾ ਹੈ। ਅਧਿਆਪਕਾਂ ਨੇ ਜੋ ਜ਼ਿੰਦਗੀ ਜਿਉੂਣ ਦਾ ਪਾਠ ਪੜ੍ਹਾਇਆ ਸੀ, ਉਸ ਨੂੰ ਨਿਭਾਅ ਰਿਹਾ ਹੈ। ਸਕੂਲ ਪਿੰ੍ਰ. ਨਵਦੀਪ ਰੋਮਾਣਾ ਸੰਧੂ ਦਾ ਕਹਿਣਾ ਹੈ ਕਿ ਇਸ ਸਕੂਲ ਤੋਂ 50 ਸਾਲ ਪਹਿਲਾਂ ਪੜ੍ਹੇ ਡਿੰਪਲ ਤੋਂ ਲੈ ਕੇ ਵਿਦੇਸ਼ਾਂ ਵਿਚ ਬੈਠੇ ਵਿਦਿਆਰਥੀ ਵੀ ਆਪਣੀਆਂ ਸੇਵਾਵਾਂ ਕਿਸੇ ਨਾ ਕਿਸੇ ਰੂਪ ਵਿਚ ਦੇ ਰਹੇ ਹਨ। ਜਿਸ ਕਾਰਨ ਇਹ ਸਕੂਲ ਪੰਜਾਬ ਦੇ ਚੰਗੇ ਸਕੂਲਾਂ ਦੀ ਪਹਿਲੀ ਕਤਾਰ ਵਿਚ ਖੜ੍ਹਾ ਹੈ।
ਸਾਲਾਂ ਪਹਿਲਾਂ ਮਲਟੀਪਰਪਜ਼ ਸਕੂਲ ਦੇ ਉਨ੍ਹਾਂ ਅਧਿਆਪਕਾਂ ਨੂੰ ਵੀ ਸਲਾਮ ਹੈ, ਜਿਨ੍ਹਾਂ ਨੇ ਡਿੰਪਲ ਵਰਗੇ ਵਿਦਿਆਰਥੀ ਨੂੰ ਇਸ ਤਰ੍ਹਾਂ ਇਨਸਾਨੀਅਤ ਦਾ ਪਾਠ ਪੜ੍ਹਾਇਆ ਕਿ ਉਸ ਨੇ ਸਾਰੀ ਉਮਰ ਸਿੱਖਿਆ ਦੇ ਮੰਦਰ ਸਕੂਲ ਲਈ ਸਮਰਪਿਤ ਕਰ ਦਿੱਤੀ। ਸਕੂਲ ਪ੍ਰਿੰ. ਅਤੇ ਸਟਾਫ ਵੀ ਵਧਾਈ ਦੀ ਪਾਤਰ ਹੈ ਕਿ ਉਹ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਜੋੜ ਕੇ ਉਨ੍ਹਾਂ ਦੀਆਂ ਸੇਵਾਵਾਂ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਵੀ ਦੇ ਰਹੇ ਹਨ। -ਸਵਰਨਜੀਤ ਕੌਰ, ਡੀ. ਈ. ਓ. ਸੈਕੰਡਰੀ