ਘਰ-ਘਰ ਰੋਜ਼ਗਾਰ ਦੀ ਨਿਕਲੀ ਫੂਕ, ਟੈੱਟ ਤੇ ਐੱਮ. ਏ. ਪਾਸ ਕੁੜੀਆਂ ਲਾਉਣ ਲੱਗੀਆਂ ਝੋਨਾ
Tuesday, Jun 23, 2020 - 09:42 PM (IST)
ਬਰੇਟਾ, (ਬਾਂਸਲ)- ਬੇਰੋਜ਼ਗਾਰ ਐੱਮ. ਏ. ਬੀ. ਐਡ ਟੈੱਟ ਪਾਸ ਕੁੜੀਆਂ ਖੇਤਾਂ ’ਚ ਅੱਜ ਝੋਨਾ ਲਾਉਣ ਲਈ ਮਜ਼ਬੂਰ ਹਨ | ਹੁਨਰਮੰਦ ਹੋਣ ਦੇ ਬਾਵਜੂਦ ਵੀ ਨੌਕਰੀ ਲਈ ਤਰਸ ਰਹੀਆਂ ਪੜ੍ਹੀਆ ਲਿਖੀਆਂ ਕੁੜੀਆਂ ਦਾ ਦੁੱਖੜਾ ਸੁਣਨ ਲਈ ਉਨ੍ਹਾਂ ਦੇ ਘਰ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪਿੰਡ ਅਕਬਰਪੁਰ ਵਿਖੇ ਪਹੁੰਚੇ | ਮਾਹੌਲ ਉਦੋਂ ਭਾਵੁਕ ਹੋ ਗਿਆ ਜਦੋਂ ਪੜ੍ਹਿਆ ਲਿਖੀਆਂ ਲੜਕੀਆਂ ਰਿੰਪੀ ਕੌਰ, ਬੇਅੰਤ ਕੌਰ, ਗੋਲੋ, ਕਰਮਜੀਤ ਕੌਰ ਅਤੇ ਕੁਲਦੀਪ ਕੌਰ ਨੇ ਸੂਬਾ ਪ੍ਰਧਾਨ ਨੂੰ ਦੱਸਿਆ ਕਿ ਸਾਰੀਆਂ ਲੜਕੀਆਂ ਨੇ ਐੱਮ. ਏ., ਬੀ. ਐਡ. ਅਤੇ ਟੈੱਟ ਪਾਸ ਕੀਤਾ ਹੋਇਆ ਹੈ ਪਰ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਲੱਖਾਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਵੀ ਪੜ੍ਹੇ-ਲਿਖੇ ਧੀਆਂ-ਪੁੱਤਰ ਪੰਜਾਬ ’ਚ ਡਿਗਰੀਆਂ ਪ੍ਰਾਪਤ ਕਰ ਕੇ ਧੱਕੇ ਖਾਣ ਲਈ ਮਜ਼ਬੂਰ ਹਨ ਤੇ ਇਹੀ ਵਜ੍ਹਾ ਹੈ ਕਿ ਹੁਨਰਮੰਦ ਹੋਣ ਦੇ ਬਾਵਜੂਦ ਵੀ ਅੱਜ ਉਹ ਖੇਤਾਂ ’ਚ ਝੋਨਾ ਲਾਉਣ ਲਈ ਮਜ਼ਬੂਰ ਹਨ | ਇਸ ਮੌਕੇ ਬੇਰੋਜ਼ਗਾਰ ਧੀਆਂ-ਪੁੱਤਰਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਿਛਲੇ 70 ਸਾਲਾਂ ਤੋਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਬਦਲ-ਬਦਲ ਕੇ ਪੰਜਾਬ ’ਤੇ ਰਾਜ ਕਰ ਕੇ ਰੱਜ ਕੇ ਪੰਜਾਬ ਨੂੰ ਲੁੱਟਿਆ ਪਰ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਹੁਨਰਮੰਦ ਹੋਣ ਦੇ ਬਾਵਜੂਦ ਕੋਈ ਵੀ ਢੁੱਕਵਾਂ ਰੋਜ਼ਗਾਰ ਸਰਕਾਰ ਪ੍ਰਦਾਨ ਨਹੀਂ ਕਰ ਸਕੀ |
ਇਸ ਮੌਕੇ ਕੁਲਦੀਪ ਸਿੰਘ ਜਰਨਲ ਸਕੱਤਰ, ਚਮਕੌਰ ਸਿੰਘ ਵੀਰ ਜਰਨਲ ਸਕੱਤਰ, ਡਾ. ਨਛੱਤਰ ਪਾਲ ਸਿੰਘ ਜਰਨਲ ਸਕੱਤਰ, ਲਾਲ ਸਿੰਘ ਸੁਲਹਾਣੀ ਜਰਨਲ ਸਕੱਤਰ, ਡਾ. ਜਸਪ੍ਰੀਤ ਖੰਨਾ ਸੂਬਾ ਸਕੱਤਰ, ਆਤਮਾ ਸਿੰਘ ਪਰਮਾਰ, ਗੁਰਦੀਪ ਮਾਖਾ, ਜਸਵੀਰ ਜੱਸੀ, ਜਤਿੰਦਰ ਵਾਲਮੀਕਿ, ਸਰਵਰ ਕੋਰੇਸੀ, ਗੁਰਸੇਵਕ, ਅਮਰੀਕ ਸਿੰਘ ਕਾਲਾ ਜ਼ਿਲਾ ਪ੍ਰਧਾਨ ਸੰਗਰੂਰ, ਗੁਰਬਖਸ ਧੂਰੀ, ਜਗਤਾਰ ਸਿੰਘ ਜਰਨਲ ਸਕੱਤਰ ਜ਼ਿਲਾ ਸੰਗਰੂਰ ਆਦਿ ਹਾਜ਼ਰ ਸਨ | ਇਸ ਮੌਕੇ ’ਤੇ ਕੁੜੀਆਂ ਨੇ ਮੰਗ-ਪੱਤਰ ਵੀ ਦਿੱਤਾ |