ਸ਼ਹੀਦਾਂ ਦੇ ਪਰਿਵਾਰ ਬੋਲੇ : ਮਨ ਨੂੰ ਮਿਲੀ ਸ਼ਾਂਤੀ, ਦਿਮਾਗ ਤੋਂ ਹਲਕਾ ਹੋਇਆ ਬੋਝ
Wednesday, Feb 27, 2019 - 01:04 PM (IST)
ਤਰਨਤਾਰਨ, ਨੂਰਪੁਰਬੇਦੀ, ਮੋਗਾ, ਦੀਨਾਨਗਰ (ਰਮਨ, ਹਰਮਨਪ੍ਰੀਤ, ਕਪੂਰ, ਗੋਪੀ, ਗਾਂਧੀ, ਸੰਜੀਵ, ਭੰਡਾਰੀ) : ਭਾਰਤ ਸਰਕਾਰ ਸਮਾਂ ਲੰਘਣ ਤੋਂ ਪਹਿਲਾਂ ਹੀ ਅੱਤਵਾਦੀਆਂ 'ਤੇ ਹਮਲਾ ਕਰਦੀ ਤਾਂ ਅੱਜ ਮੇਰਾ ਸੁਹਾਗ ਜ਼ਿੰਦਾ ਹੁੰਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 14 ਫਰਵਰੀ ਨੂੰ ਸ਼੍ਰੀਨਗਰ ਦੇ ਪੁਲਵਾਮਾ ਇਲਾਕੇ ਅਧੀਨ ਆਉਂਦੇ ਆਵੰਤੀਪੁਰਾ ਵਿਖੇ ਇਕ ਫਿਦਾਈਨ ਹਮਲੇ 'ਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਅੱਜ ਸਵੇਰੇ ਭਾਰਤ ਦੀ ਹਵਾਈ ਫੌਜ ਵਲੋਂ ਅਚਾਨਕ ਪਾਕਿਸਤਾਨ ਦੇ ਬਾਲਾਕੋਟ ਖੇਤਰ 'ਚ ਕੀਤੀ ਏਅਰ ਸਟ੍ਰਾਈਕ-2 ਤੋਂ ਬਾਅਦ ਕੀਤਾ। ਸਰਬਜੀਤ ਕੌਰ ਨੇ ਕਿਹਾ ਕਿ ਇਸ ਕਾਰਵਾਈ ਨਾਲ ਉਸ ਦੇ ਮਨ ਨੂੰ ਕੁਝ ਸ਼ਾਂਤੀ ਮਿਲੀ ਹੈ ਤੇ ਦਿਮਾਗ ਤੋਂ ਕੁਝ ਬੋਝ ਹਲਕਾ ਹੋ ਗਿਆ ਹੈ।
ਜਵਾਨਾਂ ਦਾ ਮਨੋਬਲ ਵਧਿਆ : ਸੱਤਪਾਲ ਅੱਤਰੀ
ਭਾਰਤੀ ਫੌਜ ਵੱਲੋਂ ਪੀ. ਓ. ਕੇ. 'ਚ ਕੀਤੀ ਗਈ ਕਾਰਵਾਈ ਨਾਲ ਪੁਲਵਾਮਾ ਹਮਲੇ ਦੇ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ, ਨਾਲ ਹੀ ਇਸ ਕਾਰਵਾਈ ਨਾਲ ਜਵਾਨਾਂ ਦਾ ਮਨੋਬਲ ਵੀ ਵਧਿਆ ਹੈ। ਇਹ ਕਹਿਣਾ ਹੈ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਦਾ। ਸ਼ਹੀਦ ਦੀ ਭੈਣ ਸ਼ਬਨਮ ਤੇ ਭਰਾ ਲਖਵੀਸ਼ ਸਿੰਘ ਨੇ ਕਿਹਾ ਕਿ ਉਹ ਆਪਣੇ ਭਰਾ ਦੀ ਸ਼ਹਾਦਤ 'ਤੇ 13 ਦਿਨ ਪਹਿਲਾਂ ਵਿਛੋੜਾ ਦੇ ਗਏ ਆਪਣੇ ਭਰਾ ਦੇ ਸੋਗ 'ਚ ਡੁੱਬੇ ਹੋਏ ਸਨ , ਪਰ ਅੱਜ ਹਵਾਈ ਫੌਜ ਦੀ ਕਾਰਵਾਈ ਨਾਲ ਉਨ੍ਹਾਂ ਤੇ ਬਾਕੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਖੁਸ਼ੀ ਮਿਲੀ ਹੈ।
ਮਨ ਨੂੰ ਮਿਲੀ ਬਹੁਤ ਖੁਸ਼ੀ : ਜਸਵੰਤ ਸਿੰਘ
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜ਼ਿਲਾ ਮੋਗਾ ਦੇ ਪਿੰਡ ਗਲੋਟੀ ਖੁਰਦ ਦੇ ਜੈਮਲ ਸਿੰਘ ਦੇ ਪਰਿਵਾਰ ਨੂੰ ਜਦੋਂ ਹਵਾਈ ਫੌਜ ਵੱਲੋਂ ਕੀਤੀ ਗਈ ਕਾਰਵਾਈ ਦਾ ਪਤਾ ਲਗਾ ਤਾਂ ਸ਼ਹੀਦ ਜੈਮਲ ਸਿੰਘ ਦਾ ਪੁੱਤਰ ਜੈ ਹਿੰਦ -ਜੈ ਹਿੰਦ ਦੇ ਉਚੀ-ਉਚੀ ਨਾਅਰੇ ਲਾਉਣ ਲੱਗਾ। ਸ਼ਹੀਦ ਜੈਮਲ ਸਿੰਘ ਦੇ ਪਿਤਾ ਜਸਵੰੰਤ ਸਿੰਘ ਤੇ ਮਾਤਾ ਸੁਖਜਿੰਦਰ ਕੌਰ ਦਾ ਕਹਿਣਾ ਸੀ ਕਿ ਅੱਤਵਾਦੀਆਂ ਦੇ ਵਿਰੁੱਧ ਕੀਤੀ ਗਈ ਸਖਤ ਕਾਰਵਾਈ ਪੂਰੀ ਤਰ੍ਹਾਂ ਨਾਲ ਠੀਕ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਜੇਕਰ ਅੱਤਵਾਦ ਦੇ ਵਿਰੁੱਧ ਸਰਕਾਰ ਨੇ ਅਜਿਹੀ ਕਾਰਵਾਈ ਪਹਿਲਾਂ ਕੀਤੀ ਹੁੰਦੀ ਤਾਂ 44 ਮਾਤਾਵਾਂ ਦੇ ਪੁੱਤਰ ਸ਼ਹੀਦ ਨਾ ਹੁੰਦੇ । ਉਨ੍ਹਾਂ ਕਿਹਾ ਕਿ ਫਿਰ ਵੀ ਜੋ ਕਾਰਵਾਈ ਕੀਤੀ ਹੈ, ਉਸ ਨਾਲ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ।
ਜਵਾਨਾਂ ਨੂੰ ਮਿਲੀ ਸਭ ਤੋਂ ਵੱਡੀ ਸ਼ਰਧਾਂਜਲੀ : ਦਰਸ਼ਨ ਸਿੰਘ
ਪਾਕਿਸਤਾਨ 'ਚ ਵੜ ਕੇ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਸੈਨਾ ਵੱਲੋਂ ਅੱਜ ਤੜਕਸਾਰ ਕੀਤੀ ਗਈ ਜਵਾਬੀ ਕਾਰਵਾਈ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜ਼ਿਲਾ ਰੂਪਨਗਰ ਦੇ ਪਿੰਡ ਰੌਲੀ ਦੇ ਸੈਨਿਕ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਅੱਤਵਾਦ ਦੇ ਗੁਨਾਹਗਾਰਾਂ ਨੂੰ ਸਮੇਂ ਸਿਰ ਸਹੀ ਸਬਕ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਦਾ ਇੰਨੀ ਜਲਦੀ ਬਦਲਾ ਲੈਣ ਦੀ ਕਾਰਵਾਈ ਨਾਲ ਉਨ੍ਹਾਂ ਦੇ ਦਿਲ ਨੂੰ ਬਹੁਤ ਸਕੂਨ ਪਹੁੰਚਿਆ ਹੈ ਤੇ ਜਵਾਨਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਮਿਲੀ ਹੈ।