ਦਿਵਯਾਂਗ ਹੋਣ ਦੇ ਬਾਵਜੂਦ ਗੁਰਜੰਟ ਸਿੰਘ ਨੇ ਨਹੀਂ ਮੰਨੀ ਹਾਰ, ਦੇਸ਼-ਵਿਦੇਸ਼ 'ਚ ਚਰਚੇ

12/18/2019 11:04:35 AM

ਤਰਨਤਾਰਨ/ਸੁਲਤਾਨਪੁਰ ਲੋਧੀ (ਧੀਰ) : ਪੰਜਾਬ ਦੇ ਅਜੋਕੇ ਦੌਰ 'ਚ ਜਦੋਂ ਸਾਡੀ ਜ਼ਿਆਦਾ ਨੌਜਵਾਨ ਪੀੜ੍ਹੀ ਦਾ ਰੁਝਾਨ ਨਸ਼ਿਆਂ ਵੱਲ ਤੁਰਿਆ ਹੋਇਆ ਹੈ ਤਾਂ ਇਕ ਅਜਿਹਾ ਨੌਜਵਾਨ ਜੋ ਹੈਂਡੀਕੈਪ ਹੋਣ ਦੇ ਬਾਵਜੂਦ ਆਪਣੀ ਖੇਡ ਕ੍ਰਿਕੇਟ ਨਾਲ ਸੂਬੇ ਜਾਂ ਦੇਸ਼ 'ਚ ਹੀ ਨਹੀਂ ਬਲਕਿ ਪੂਰੇ ਵਿਸ਼ਵ 'ਚ ਨਾਮ ਰੌਸ਼ਨ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਹੈ।

ਤਰਨਤਾਰਨ ਜ਼ਿਲੇ ਦੇ ਪਿੰਡ ਕੰਗ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਪਾਵਨ ਨਗਰੀ 'ਚ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵਲੋਂ ਕਰਵਾਏ ਜਾ ਰਹੇ 16ਵੇਂ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ 'ਚ ਅੰਮ੍ਰਿਤਸਰ ਦੀ ਟੀਮ ਵਲੋਂ ਖੇਡਣ ਸਮੇਂ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਉਹ ਹੈਂਡੀਕੈਪ ਹੈ। ਉਸਦੀ ਇਕ ਬਾਂਹ ਤੇ ਹੱਥ ਬਹੁਤ ਛੋਟੇ ਹਨ ਪਰ ਫਿਰ ਵੀ ਕਦੇ ਕੁਦਰਤ ਨਾਲ ਗਿਲਾ ਨਹੀਂ ਕੀਤਾ ਅਤੇ ਆਪਣੇ ਪੈਰਾਂ 'ਤੇ ਖੁਦ ਖੜ੍ਹਾ ਹੋ ਕੇ ਆਪਣੀ ਵਿਲੱਖਣ ਪਛਾਣ ਬਣਾਉਣ ਦਾ ਪ੍ਰਣ ਲਿਆ। ਛੋਟੇ ਹੁੰਦੇ ਮਾਮਾ ਜੀ ਦਾ ਰੁਝਾਨ ਕ੍ਰਿਕਟ ਵੱਲ ਵੇਖਣ 'ਤੇ ਉਸਨੂੰ ਵੀ ਕ੍ਰਿਕਟ ਖੇਡਣ ਦਾ ਸ਼ੌਕ ਪੈਦਾ ਹੋਇਆ।

ਗੁਰਜੰਟ ਨੇ ਦੱਸਿਆ ਕਿ ਸ਼ੁਰੂ-ਸ਼ੁਰੂ 'ਚ ਤਾਂ ਇਸ ਲਈ ਕੁਝ ਨੌਜਵਾਨ ਮਜ਼ਾਕ ਵੀ ਉਡਾਉਂਦੇ ਸਨ ਪਰ ਉਸਨੇ ਹਾਰ ਨਹੀਂ ਮੰਨੀ ਤੇ ਬਗੈਰ ਕਿਸੇ ਕ੍ਰਿਕਟ ਇੰਸਟੀਚਿਊਟ 'ਚ ਟ੍ਰੇਨਿੰਗ ਤੋਂ ਹੀ ਉਸਦੀ ਹਰਿਆਣਾ ਵਲੋਂ ਹੈਂਡੀਕੈਪ ਟੀਮ 'ਚ ਚੋਣ ਹੋ ਗਈ। ਜਿਸ ਨੇ ਉਸਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਆ, ਉਪਰੰਤ ਚੰਡੀਗੜ੍ਹ ਦੀ ਟੀਮ 'ਚ ਵੀ ਉਹ ਖੇਡਿਆ ਤੇ ਜਿਸ ਤੋਂ ਬਾਅਦ ਉਸਨੇ ਸ਼੍ਰੀਲੰਕਾ 'ਚ ਹੋਏ ਹੈਂਡੀਕੈਪ ਮੁਕਾਬਲੇ 'ਚ ਭਾਰਤ ਵਲੋਂ ਖੇਡਣ ਦਾ ਮਾਣ ਪ੍ਰਾਪਤ ਕੀਤਾ। 2019 'ਚ ਹੋਏ ਵਿਸ਼ਵ ਕੱਪ ਹੈਂਡੀਕੈਪ ਮੁਕਾਬਲੇ 'ਚ ਵੀ ਉਸਨੇ ਭਾਰਤ ਵਲੋਂ ਤਿੰਨ ਮੈਚ ਖੇਡ ਕੇ 5 ਵਿਕਟਾਂ ਪ੍ਰਾਪਤ ਕੀਤੀਆਂ। ਗੇਂਦਬਾਜ਼ੀ ਦਾ ਬਚਪਨ ਤੋਂ ਸ਼ੌਕ ਹੋਣ ਕਰ ਕੇ ਉਸਨੇ ਬੱਲੇਬਾਜ਼ੀ ਦੀ ਬਜਾਏ ਗੇਂਦਬਾਜ਼ੀ ਨੂੰ ਆਪਣਾ ਹਥਿਆਰ ਬਣਾਇਆ।

ਗੁਰਜੰਟ ਮੁਤਾਬਕ ਅੱਜ ਉਹ ਕਿਸੇ ਵੀ ਟੀਮ ਵੱਲੋਂ ਖੇਡ ਸਕਦਾ ਹੈ। ਉਸਦੇ ਲਈ ਉਸਦਾ ਹੈਂਡੀਕੈਪ ਹੋਣਾ ਕਦੇ ਵੀ ਉਸਦੇ ਰਸਤੇ 'ਚ ਰੁਕਾਵਟ ਨਹੀਂ ਬਣਿਆ ਤੇ ਉਹ ਅਜਿਹੇ ਰਾਜ ਪੱਧਰੀ ਟੂਰਨਾਮੈਂਟਾਂ 'ਚ ਹਿੱਸਾ ਲੈਂਦਾ ਰਹਿੰਦਾ ਹੈ। ਇਸ ਮੌਕੇ ਕਲੱਬ ਦੇ ਗੁਰਵਿੰਦਰ ਸਿੰਘ ਵਿਰਕ, ਅੰਗਰੇਜ਼ ਸਿੰਘ ਢਿੱਲੋਂ ਡੇਰਾ ਸੈਯਦਾ, ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ ਗੁਰਾਇਆਂ, ਮਾਸਟਰ ਨਰੇਸ਼ ਕੋਹਲੀ, ਗੌਤਮ ਸ਼ਰਮਾ, ਮੁਕੇਸ਼ ਚੌਹਾਨ, ਜਤਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ, ਪ੍ਰਦੀਪ ਸ਼ਰਮਾ, ਯਸ਼ ਥਿੰਦ ਆਦਿ ਨੇ ਕਲੱਬ ਵਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਗੁਰਜੰਟ ਸਿੰਘ ਨੂੰ ਸਨਮਾਨਤ ਕੀਤਾ।

ਅਪਾਹਿਜ ਖਿਡਾਰੀਆਂ ਨੂੰ ਵੀ ਸਰਕਾਰੀ ਸਪੋਰਟਸ ਕੋਟੇ 'ਚੋਂ ਦਿੱਤੀ ਜਾਵੇ ਸਹਾਇਤਾ
ਪੰਜਾਬ ਜਾਂ ਕੇਂਦਰ ਸਰਕਾਰ ਵਲੋਂ ਕੋਈ ਵੀ ਸਹਾਇਤਾ ਜਾਂ ਮਦਦ ਮਿਲਣ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਗੁਰਜੰਟ ਸਿੰਘ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਸਾਡੇ ਵਰਗੇ ਅਪਾਹਿਜ ਨੌਜਵਾਨਾਂ ਨੂੰ ਬਾਕੀ ਖਿਡਾਰੀਆਂ ਵਾਂਗ ਸਪੋਰਟਸ ਕੋਟੇ ਜਾਂ ਕਿਸੇ ਵੀ ਕੋਟੇ 'ਚ ਸਰਕਾਰੀ ਨੌਕਰੀ 'ਚ ਭਰਤੀ ਕਰਨ ਤਾਂ ਇਸ ਨਾਲ ਜਿਥੇ ਸਾਡੇ ਨੌਜਵਾਨਾਂ 'ਚ ਨਵਾਂ ਜੋਸ਼ ਤੇ ਜਜ਼ਬਾ ਆਵੇਗਾ, ਉਥੇ ਸਾਨੂੰ ਇਹ ਕਦੇ ਵੀ ਮਹਿਸੂਸ ਨਹੀਂ ਹੋਵੇਗਾ ਕਿ ਅਸੀ ਹੈਂਡੀਕੈਪ ਹਾਂ।


Baljeet Kaur

Content Editor

Related News