ਅਦਾਲਤ ਨੇ ਦੋਹਰੇ ਕਤਲ ਕਾਂਡ ਦੇ ਮੁਲਜ਼ਮ ਦਾ 5 ਦਿਨ ਦਾ ਪੁਲਸ ਰਿਮਾਂਡ ਦਿੱਤਾ

10/05/2019 10:55:50 AM

ਤਰਨਤਾਰਨ (ਰਾਜੂ) : ਮਾਣਯੋਗ ਸ੍ਰੀਮਤੀ ਵਿਸ਼ਵਜੋਤੀ ਜੇ.ਐੱਮ.ਆਈ.ਸੀ. ਤਰਨਤਾਰਨ ਦੀ ਅਦਾਲਤ ਨੇ ਪਿਛਲੇ ਦਿਨੀਂ ਨੌਸ਼ਹਿਰਾ ਢਾਲਾ ਵਿਖੇ ਹੋਏ ਬਹੁਚਰਚਿਤ ਦੋਹਰੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੁਰਭਿੰਦਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਗਹਿਰੀ ਦਾ ਸ਼ਿਕਾਇਤ ਕਰਤਾ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਵੱਲੋਂ ਪੇਸ਼ ਹੋਏ ਵਕੀਲ ਜੇ.ਐੱਸ. ਢਿੱਲੋਂ ਦੀ ਬਹਿਸ ਸੁਣਨ ਉਪਰੰਤ 5 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਜ਼ੇਰੇ ਧਾਰਾ 302, 148, 149 ਆਈ.ਪੀ.ਸੀ. ਅਤੇ 25/27/54/59 ਆਰਮਜ਼ ਐਕਟ ਦੇ ਅਧੀਨ ਮੁਦਈ ਹਰਮਨਜੀਤ ਸਿੰਘ ਦੇ ਬਿਆਨਾ 'ਤੇ ਉਕਤ ਮੁਲਜ਼ਮ ਗੁਰਭਿੰਦਰ ਸਿੰਘ, ਸੁਰਜੀਤ ਸਿੰਘ ਪੁੱਤਰ ਮੇਵਾ ਸਿੰਘ, ਮੇਵਾ ਸਿੰਘ ਪੁੱਤਰ ਸਾਧਾ ਸਿੰਘ, ਹਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਅਮਰਜੀਤ ਸਿੰਘ ਪੁੱਤਰ ਸਰਵਣ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਸੀ। ਉਸ ਨੇ ਦੋਸ਼ ਲਗਾਏ ਸਨ ਕਿ ਉਸ ਦੇ ਤਾਏ ਸੁਖਦੇਵ ਸਿੰਘ ਦੇ ਲੜਕੇ ਅਮਨਦੀਪ ਸਿੰਘ ਨੇ 1 ਸਾਲ ਪਹਿਲਾਂ ਅਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਗਹਿਰੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਦੀ ਮਰਜ਼ੀ ਤੋਂ ਬਗੈਰ ਪ੍ਰੇਮ ਵਿਆਹ ਕਰਵਾਇਆ ਸੀ। ਮਿਤੀ 15 ਸਤੰਬਰ 2019 ਨੂੰ ਜਦੋਂ ਦੋਵੇਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਉਕਤ ਮੁਲਜ਼ਮਾਂ ਅਤੇ ਕੁਝ ਅਣਪਛਾਤੇ ਵਿਅਕਤੀ ਗੱਡੀਆਂ 'ਤੇ ਆਏ ਅਤੇ ਆਉਂਦਿਆਂ ਹੀ ਗੋਲੀਆਂ ਮਾਰ ਕੇ ਮੇਰੇ ਤਾਏ ਦੇ ਲੜਕੇ ਅਤੇ ਉਸ ਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ। ਅਮਨਦੀਪ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਅਮਨਪ੍ਰੀਤ ਕੌਰ ਨੇ ਹਸਪਤਾਲ ਜਾ ਕੇ ਦਮ ਤੋੜਿਆ। ਵਜ੍ਹਾ ਰੰਜਿਸ਼ ਇਹ ਸੀ ਕਿ ਲੜਕੇ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਇਸ ਪ੍ਰੇਮ ਵਿਆਹ ਤੋਂ ਖੁਸ਼ ਨਹੀਂ ਸਨ।

ਗੌਰਤਲਬ ਹੈ ਕਿ ਉਕਤ ਮੁਲਜ਼ਮ ਗੁਰਭਿੰਦਰ ਸਿੰਘ ਨੇ ਬੀਤੇ ਦਿਨੀਂ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਅੱਜ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਜੇਲ 'ਚੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਜਿਸ ਤੋਂ ਬਾਅਦ ਅਦਾਲਤ ਵਲੋਂ ਉਕਤ ਮੁਲਜ਼ਮ ਦਾ 5 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਗਿਆ।


Baljeet Kaur

Content Editor

Related News