ਸਰਕਾਰ ਵਲੋਂ ਚੋਣ ਵਾਅਦੇ ਪੂਰੇ ਨਾ ਕਰਨ 'ਤੇ ਟਕਸਾਲੀ ਕਾਂਗਰਸੀਆਂ ਨੇ ਲਾਏ ਫਲੈਕਸ ਬੋਰਡ

02/20/2020 12:39:04 PM

ਤਰਨਤਾਰਨ (ਰਾਜੂ) : ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਸੂਬੇ 'ਚ ਸਰਕਾਰ ਬਣਨ ਦੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਨਾਲ ਲੋਕਾਂ 'ਚ ਤਾਂ ਸਰਕਾਰ ਪ੍ਰਤੀ ਰੋਸ ਪਾਇਆ ਜਾਣਾ ਸੁਭਾਵਿਕ ਹੀ ਹੈ ਪਰ ਉੱਥੇ ਹੀ ਮੌਜੂਦਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਨੇਤਾਵਾਂ 'ਚ ਵੀ ਮੁੱਖ ਮੰਤਰੀ ਦੀ ਕਾਰਜਸ਼ਾਲੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਹੁਣ ਤਾਂ ਜ਼ਮੀਨੀ ਪੱਧਰ 'ਤੇ ਵੀ ਕਾਂਗਰਸੀਆਂ 'ਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ।

ਅਜਿਹਾ ਇਕ ਤਾਜ਼ਾ ਮਾਮਲਾ ਜ਼ਿਲਾ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਸਾਹਮਣੇ ਆਇਆ ਹੈ ਜਿੱਥੇ ਸੁੱਤੀ ਹੋਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਟਕਸਾਲੀ ਕਾਂਗਰਸੀਆਂ ਵਲੋਂ ਫਲੈਕਸ ਬੋਰਡ ਬਣਾ ਕੇ ਲਾਏ ਗਏ ਹਨ, ਜਿਸ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਫੋਟੋ ਦੇ ਥੱਲੇ ਨਵਜੋਤ ਸਿੰਘ ਸਿੱਧੂ ਦੀ ਫੋਟੋ ਲਾਈ ਗਈ ਹੈ ਅਤੇ ਬੋਰਡ 'ਤੇ ਸਭ ਤੋਂ ਉੱਪਰ ਬੇਅਦਬੀ ਮਾਮਲੇ 'ਚ ਇਨਸਾਫ ਨਾ ਮਿਲਣਾ, ਦੂਜੇ ਨੰਬਰ 'ਤੇ ਕੇਬਲ ਮਾਫੀਆ, ਤੀਜੇ ਨੰਬਰ 'ਤੇ ਮਾਈਨਿੰਗ ਮਾਫੀਆ, ਚੌਥੇ ਸਥਾਨ 'ਤੇ ਟਰਾਂਸਪੋਰਟ, ਪੰਜਵੇਂ ਨੰਬਰ 'ਤੇ ਨਸ਼ੇ ਅਤੇ ਛੇਵੇਂ ਨੰਬਰ 'ਤੇ ਮਹਿੰਗੀ ਬਿਜਲੀ ਵਰਗੇ ਮੁੱਦਿਆਂ 'ਤੇ ਸਵਾਲੀਆ ਚਿੰਨ੍ਹ ਲਗਾ ਕੇ ਉਪਰੋਕਤ ਮਾਮਲਿਆਂ ਦੇ ਜਲਦੀ ਹੱਲ ਦੀ ਉਡੀਕ 'ਚ ਕਾਂਗਰਸੀ ਵਰਕਰ ਅਤੇ ਪੰਜਾਬ ਦੀ ਜਨਤਾ ਲਿਖਿਆ ਗਿਆ ਹੈ। ਉਕਤ ਬੋਰਡ ਇਲਾਕੇ ਦੇ ਇਕ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਵਲੋਂ ਲਾਏ ਗਏ ਹਨ ਜਦ ਉਕਤ ਟਕਸਾਲੀ ਕਾਂਗਰਸੀ ਨਾਲ ਇਸ ਸਬੰਧ 'ਚ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੋਰਡ 'ਤੇ ਨਵਜੋਤ ਸਿੰਘ ਸਿੱਧੂ ਦੀ ਫੋਟੋ ਇਸ ਕਰ ਕੇ ਲਾਈ ਗਈ ਹੈ ਕਿ ਉਸ ਨੇ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਇਆ ਹੈ ਅਤੇ ਉਕਤ ਮਸਲਿਆਂ ਨੂੰ ਵੀ ਚੋਣਾਂ ਸਮੇਂ ਜ਼ੋਰ ਸ਼ੋਰ ਨਾਲ ਉਠਾਇਆ ਸੀ ਪਰ ਮੁੱਖ ਮੰਤਰੀ ਵਲੋਂ ਸਿੱਧੂ ਵਲੋਂ ਉਠਾਏ ਗਏ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਸਿੱਧੂ ਨੂੰ ਹੀ ਨੁੱਕਰੇ ਲਾ ਦਿੱਤਾ ਗਿਆ ਹੈ। ਜੇਕਰ ਨਵਜੋਤ ਸਿੰਘ ਸਿੱਧੂ ਪਾਵਰ 'ਚ ਹੁੰਦੇ ਤਾਂ ਸ਼ਾਇਦ ਇਹ ਮਸਲੇ ਹੱਲ ਹੋ ਜਾਂਦੇ।

ਉੱਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਅਤੇ ਸਮਾਜ ਸੇਵੀ ਹਰਪ੍ਰੀਤ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਬੋਰਡ ਕਾਂਗਰਸ ਸਰਕਾਰ ਵਲੋਂ ਚੋਣ ਵਾਅਦੇ ਪੂਰੇ ਨਾ ਕਰਨ ਕਾਰਣ ਕਾਂਗਰਸੀਆਂ 'ਚ ਪਾਈ ਜਾ ਰਹੀ ਨਿਰਾਸ਼ਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਮੌਜੂਦਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ 'ਚ ਵੀ ਮੁੱਖ ਮੰਤਰੀ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ।
 


Baljeet Kaur

Content Editor

Related News