ਤਰਨਤਾਰਨ : ਛਾਪੇਮਾਰੀ ਕਰਨ ਪੁੱਜੀ ਪੁਲਸ ਪਾਰਟੀ 'ਤੇ ਹਮਲਾ, ਬੰਧਕ ਬਣਾਉਣ ਦੀ ਕੋਸ਼ਿਸ਼

10/09/2019 11:23:27 AM

ਤਰਨਤਾਰਨ (ਰਮਨ) : ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਜ਼ਿਲਾ ਤਰਨਤਾਰਨ ਦੇ ਪਿੰਡ ਵੇਈਂਪੁਈਂ ਵਿਖੇ ਇਕ ਘਰ 'ਚ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ ਨਾਲ ਬਦਸਲੂਕੀ ਕਰਨ ਅਤੇ ਵਰਦੀ ਪਾੜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਥਾਣਾ ਗੋਇੰਦਵਾਲ ਦੀ ਪੁਲਸ ਵਲੋਂ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਫਤਿਆਬਾਦ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਵੇਈਂਪੁਈਂ ਵਿਖੇ ਇਕ ਘਰ 'ਚ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਹ ਸਮੇਤ ਪੁਲਸ ਪਾਰਟੀ ਪਿੰਡ ਵੇਈਂਪੁਈਂ ਵਿਖੇ ਸ਼ੱਕ ਦੇ ਆਧਾਰ 'ਤੇ ਛਾਪੇਮਾਰੀ ਕਰਨ ਪੁੱਜ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਨੂੰ ਘਰ 'ਚੋਂ ਕੁੱਝ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਣ 'ਤੇ ਨਿਰਮਲ ਸਿੰਘ ਪੁੱਤਰ ਲਾਲ ਸਿੰਘ ਅਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ 'ਚ ਲੈਣ ਸਮੇਂ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੇ ਪੁਲਸ ਟੀਮ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਹਮਲਾ ਕਰ ਦਿੱਤਾ, ਜਿਸ 'ਚ ਔਰਤਾਂ ਵਲੋਂ ਪੁਲਸ ਮੁਲਾਜ਼ਮਾਂ ਦੀ ਖਿੱਚ-ਧੂਹ ਵੀ ਕੀਤੀ ਗਈ। ਇੰਨਾ ਹੀ ਨਹੀਂ ਪੁਲਸ ਮੁਲਾਜ਼ਮਾਂ ਦੀ ਵਰਦੀ ਤੱਕ ਪਾੜ ਦਿੱਤੀ ਗਈ। ਥਾਣਾ ਮੁਖੀ ਬਾਜਵਾ ਨੇ ਦੱਸਿਆ ਕਿ ਇਸ ਸਬੰਧ 'ਚ ਪੁਲਸ ਵਲੋਂ ਨਿਰਮਲ ਸਿੰਘ ਪੁੱਤਰ ਲਾਲ ਸਿੰਘ, ਕਿਸ਼ਨ ਸਿੰਘ ਪੁੱਤਰ ਜੋਗਾ ਸਿੰਘ, ਕੰਤੀ ਪਤਨੀ ਸ਼ਿੰਦਾ ਸਿੰਘ, ਰਾਜੀ ਪਤਨੀ ਜੋਗਾ ਸਿੰਘ, ਬਿੰਦੋ ਪੁੱਤਰੀ ਛਿੰਦਾ ਸਿੰਘ, ਜੋਗਾ ਸਿੰਘ ਪੁੱਤਰ ਭਾਗ ਸਿੰਘ ਸਾਰੇ ਵਾਸੀ ਪਿੰਡ ਵੇਈਂਪੁਈਂ ਤੋਂ ਇਲਾਵਾ 7 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ।
PunjabKesari
ਜਲਦ ਕਾਬੂ ਕੀਤੇ ਜਾਣਗੇ ਮੁਲਜ਼ਮ
ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਦੇ ਕੰਮ 'ਚ ਦਖਲ ਦੇਣ ਅਤੇ ਵਰਦੀ ਪਾੜਨ ਦੇ ਦੋਸ਼ ਹੇਠ ਕੁੱਲ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੁਲਸ ਵਲੋਂ ਆਪਣੇ ਬਚਾਅ 'ਚ ਹਵਾਈ ਫਾਇਰ ਵੀ ਕੀਤੇ ਗਏ।

ਪੁਲਸ ਕਾਰਵਾਈ 'ਚ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਪਾਰਟੀ 'ਤੇ ਹਮਲਾ ਕਰਨ ਵਾਲਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਪੁਲਸ ਪਾਰਟੀ ਉੱਪਰ ਹਮਲਾ ਕਰਨ ਜਾਂ ਦਖਲ ਦੇਣ ਵਾਲਿਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ, ਜਿਸ 'ਚ ਕਿਸੇ ਦਾ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ।


Baljeet Kaur

Content Editor

Related News