ਤਰਨ ਤਾਰਨ ਬੰਬ ਧਮਾਕੇ ਪਿੱਛੇ ਹੋ ਸਕਦੈ ਪਾਕਿਸਤਾਨ ਤੇ ਖਾਲਿਸਤਾਨੀਆਂ ਦਾ ਹੱਥ, 7 ਕਾਬੂ

09/16/2019 9:38:44 PM

ਤਰਨ ਤਾਰਨ,(ਰਮਨ)- ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਚ ਬੀਤੀ 4 ਸਤੰਬਰ ਨੂੰ ਇਕ ਖਾਲੀ ਪਲਾਟ ’ਚ ਹੋਏ ਹਾਈ ਐਕਸਪਲੋਸਿਵ ਬਲਾਸਟ ਦੇ ਮਾਮਲੇ ਨੂੰ ਜ਼ਿਲੇ ਦੀ ਪੁਲਸ ਵਲੋਂ ਅੱਜ ਦੇਰ ਸ਼ਾਮ ਲਗਭਗ ਪੂਰਾ ਹੱਲ ਕਰ ਲਿਆ ਗਿਆ ਹੈ ਜਿਸ ਤਹਿਤ ਪੁਲਸ ਨੇ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਸਬੰਧ ਪਾਕਿਸਤਾਨ ਅਤੇ ਖਾਲਿਸਤਾਨੀ ਸਮਰਥਕਾਂ ਨਾਲ ਹੋਣੇ ਸਾਹਮਣੇ ਆ ਰਹੇ ਹਨ ਜਿਸ ਦਾ ਪੁਲਸ ਵੱਲੋਂ ਪੂਰਾ ਖੁਲਾਸਾ ਅਗਲੇਰੀ ਜਾਂਚ ਵਿਚ ਪ੍ਰੈੱਸ ਸਾਹਮਣੇ ਜਲਦ ਕੀਤਾ ਜਾ ਸਕਦਾ ਹੈ।

ਇਸ ਕੇਸ ਵਿਚ ਬੀਤੇ ਕੱਲ ਪੁਲਸ ਨੇ ਮਨਦੀਪ ਸਿੰਘ ਉਰਫ ਮੱਸਾ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਦੀਨੇਵਾਲ ਜੋ ਇਕ ‘ਕਰ ਭਲਾ ਹੋ ਭਲਾ’ ਨਾਮਕ ਸੋਸਾਇਟੀ ਚਲਾਉਂਦਾ ਹੈ ਅਤੇ ਇਸ ਦੇ ਸਬੰਧ ਖਾਲਿਸਤਾਨੀ ਸਮਰਥਕਾਂ ਨਾਲ ਹੋਣੇ ਸਾਹਮਣੇ ਆਏ ਹਨ ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਵਲੋਂ ਇਸ ਨੂੰ ਪੇਸ਼ ਕਰਦੇ ਹੋਏ ਚਾਰ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਸ ਵੱਲੋਂ ਇਸ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਗਰਮਖਿਆਲੀ ਅਤੇ ਵੱਖ-ਵੱਖ ਖਾਲਿਸਤਾਨੀ ਸਮਰਥਕਾਂ ਨਾਲ ਸਬੰਧ ਰੱਖਣ ਵਾਲੇ 6 ਹੋਰ ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਅਗਲੇਰੀ ਜਾਂਚ ਨੂੰ ਬਾਰੀਕੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ ਬਲਾਸਟ ਵਿਚ ਜ਼ਖਮੀ ਗੁਰਜੰਟ ਸਿੰਘ ਵਾਸੀ ਬਚਡ਼ੇ ਪਹਿਲਾਂ ਹੀ ਹਸਪਤਾਲ ਵਿਚ ਪੁਲਸ ਦੇ ਸਖਤ ਪਹਿਰੇ ਹੇਠ ਜ਼ੇਰੇ ਇਲਾਜ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਬੱਚਡ਼ੇ ਜ਼ਿਲਾ ਤਰਨਤਾਰਨ, ਚੰਨਦੀਪ ਸਿੰਘ ਵਾਸੀ ਬਟਾਲਾ, ਮਨਪ੍ਰੀਤ ਸਿੰਘ ਵਾਸੀ ਮੁਰਾਦਪੁਰਾ, ਹਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪੰਡੋਰੀ ਗੋਲਾ, ਮਲਕੀਤ ਸਿੰਘ ਵਾਸੀ ਕੋਟਲਾ ਘੱਗਰ, ਅਮਰਜੀਤ ਸਿੰਘ ਵਾਸੀ ਫਤਿਹਗਡ਼੍ਹ ਚੂਡ਼ੀਆਂ ਜ਼ਿਲਾ ਗੁਰਦਾਸਪੁਰ ਸ਼ਾਮਲ ਹਨ।

ਇਸ ਸਬੰਧੀ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਜਲਦ ਹੀ ਇਸ ਕੇਸ ਨੂੰ ਸੁਲਝਾਅ ਲਿਆ ਜਾਵੇਗਾ ਅਤੇ ਮੀਡੀਆ ਨੂੰ ਇਸ ਦੀ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਸਟ ਮਾਮਲਾ ਦੇਸ਼ ਨਾਲ ਜੁਡ਼ੇ ਹੋਣ ਕਾਰਣ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Arun chopra

Content Editor

Related News