ਪੁਲਸ 60 ਦੇ ਕਰੀਬ ਸਰਗਰਮ ਅੱਤਵਾਦੀਆਂ ਦੇ ਫਰੋਲ ਰਹੀ ਹੈ ਰਿਕਾਰਡ

Saturday, Sep 28, 2019 - 11:44 AM (IST)

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਚੋਹਲਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ ਐੱਫ.) ਦੇ 4 ਅੱਤਵਾਦੀਆਂ ਨੂੰ ਵੱਡੀ ਗਿਣਤੀ 'ਚ ਹਥਿਆਰਾਂ ਸਮੇਤ ਕਾਬੂ ਕੀਤੇ ਜਾਣ ਤੋਂ ਬਾਅਦ ਖੁਫੀਆ ਏਜੰਸੀਆਂ ਵਲੋਂ ਇਸ ਜ਼ਿਲੇ ਨਾਲ ਸਬੰਧਤ ਪੁਰਾਣੇ ਅੱਤਵਾਦੀਆਂ ਦੀਆਂ ਲਿਸਟਾਂ ਤਿਆਰ ਕਰਦੇ ਹੋਏ ਪੁਰਾਣੇ ਰਿਕਾਰਡ ਨੂੰ ਫਰੋਲਿਆ ਜਾ ਰਿਹਾ ਹੈ। ਡਰੋਨ ਰਾਹੀਂ ਪਾਕਿਸਤਾਨ ਤੋਂ ਜ਼ਿਲੇ 'ਚ ਪੁੱਜੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਜ਼ਿਲਾ ਪੁਲਸ ਵਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਪੁਲਸ ਨੇ ਝਬਾਲ ਦੇ ਨਿਵਾਸੀ ਇਕ ਵਿਅਕਤੀ ਨੂੰ ਵੀ ਹਿਰਾਸਤ 'ਚ ਲਿਆ ਹੈ। ਜ਼ਿਲੇ ਦੇ ਕਰੀਬ 5 ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਿਛਲੇ ਸਮੇਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਪੂਰੇ ਐਕਟਿਵ ਮੈਂਬਰ ਰਹੇ ਹਨ ਅਤੇ ਇਸ ਜ਼ਿਲੇ 'ਚੋਂ ਪਿਛਲੇ ਕੁਝ ਮਹੀਨਿਆਂ ਤੋਂ ਗਾਇਬ ਰਹੇ ਹਨ। ਇਨ੍ਹਾਂ ਅੱਤਵਾਦੀ ਧੜਿਆਂ ਦੇ ਕਰੀਬ 50 ਤੋਂ 60 ਅੱਤਵਾਦੀ ਇਸ ਜ਼ਿਲੇ 'ਚ ਸਰਗਰਮ ਰਹਿ ਚੁੱਕੇ ਹਨ। ਕਾਊਂਟਰ ਇੰਟੈਲੀਜੈਂਸ ਵਲੋਂ ਕਾਬੂ ਕੀਤੇ ਗਏ ਜ਼ਿਲੇ ਦੇ ਪਿੰਡ ਮੋਹਨਪੁਰ ਵੜਿੰਗ ਨਿਵਾਸੀ ਬਾਬਾ ਬਲਵੰਤ ਸਿੰਘ ਜੋ ਪੁਰਾਣੇ ਸਮੇਂ 'ਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਐਕਟਿਵ ਮੈਂਬਰ ਰਹਿ ਚੁੱਕਾ ਹੈ, ਦੇ ਸਬੰਧ ਇਸੇ ਇਲਾਕੇ ਦੇ ਕਰੀਬ 7-8 ਅਜਿਹੇ ਵਿਅਕਤੀਆਂ ਨਾਲ ਪਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ, ਜੋ ਪਿਛਲੇ ਕਰੀਬ 5 ਮਹੀਨਿਆਂ ਤੋਂ ਇਸ ਇਲਾਕੇ 'ਚ ਨਜ਼ਰ ਨਹੀ ਆਏ।

ਇਹ ਵੀ ਪਤਾ ਲੱਗਾ ਹੈ ਕਿ ਇਸ ਸਮੇਂ ਜ਼ਿਲੇ 'ਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਨਾਲ ਸਬੰਧ ਰੱਖਣ ਵਾਲਿਆਂ ਦੀ ਗਿਣਤੀ ਕਰੀਬ 15 ਹੋ ਸਕਦੀ ਹੈ, ਜਿਨ੍ਹਾਂ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ। ਇਹ ਅੱਤਵਾਦੀ ਆਉਣ ਵਾਲੇ ਸਮੇਂ 'ਚ ਕਈ ਥਾਵਾਂ 'ਤੇ ਭਾਰੀ ਨੁਕਸਾਨ ਪਹੁੰਚਾਉਣ ਦੀ ਤਾਕ 'ਚ ਸਨ। ਪੁਰਾਣੇ ਰਿਕਾਰਡ ਅਨੁਸਾਰ ਜ਼ਿਲਾ ਤਰਨਤਾਰਨ ਦੇ ਥਾਣਾ ਸਦਰ ਦੇ ਕਰੀਬ 7 ਅਤੇ ਥਾਣਾ ਸਿਟੀ ਅਧੀਨ ਆਉਂਦੇ ਇਲਾਕੇ 'ਚ ਕਰੀਬ 6 ਅੱਤਵਾਦੀਆਂ ਖਿਲਾਫ ਮਾਮਲੇ ਦਰਜ ਸਨ, ਜਿਨ੍ਹਾਂ ਦੇ ਪਰਿਵਾਰਾਂ ਦੀਆਂ ਸਰਗਰਮੀਆਂ 'ਤੇ ਜ਼ਿਲਾ ਪੁਲਸ ਵਲੋਂ ਗੁਪਤ ਢੰਗ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਉਧਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਝਬਾਲ ਨਿਵਾਸੀ ਇਕ ਵਿਅਕਤੀ ਨੂੰ ਟੀਮ ਨੇ ਹਿਰਾਸਤ 'ਚ ਲੈ ਕੇ ਨਜ਼ਦੀਕੀ ਪਿੰਡ ਮਹਾਵਾ 'ਚ ਅੱਜ ਉਸ ਦੀ ਨਿਸ਼ਾਨਦੇਹੀ 'ਤੇ ਇਕ ਬਲੈਰੋ ਗੱਡੀ 'ਚ ਬਿਠਾ ਇਲਾਕੇ 'ਚ ਕੁਝ ਥਾਵਾਂ 'ਤੇ ਸਰਚ ਮੁਹਿੰਮ ਚਲਾਈ, ਜਿਸ ਤੋਂ ਕੁਝ ਅਹਿਮ ਜਾਣਕਾਰੀਆਂ ਹਾਸਲ ਹੋਣ ਦੀ ਆਸ ਲਾਈ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਬਾਬਾ ਬਲਵੰਤ ਸਿੰਘ, ਅਰਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਕੁਝ ਹੋਰਨਾਂ ਤੋਂ ਵੀ ਪੁਲਸ ਟੀਮ ਹੋਰ ਕਿਹੜੀਆਂ ਤੇ ਕਿੰਨੀਆਂ ਥਾਵਾਂ 'ਤੇ ਹਥਿਆਰ ਰੱਖੇ ਗਏ ਹਨ, ਦੀ ਭਾਲ ਕਰਨ 'ਚ ਲੱਗੀ ਹੋਈ ਹੈ। ਡਰੋਨ ਰਾਹੀਂ ਪਾਕਿਸਤਾਨ ਤੋਂ ਖੇਮਕਰਨ, ਮਹਿੰਦੀਪੁਰ, ਖਾਲੜਾ, ਮਹਾਵਾ, ਝਬਾਲ ਇਲਾਕੇ ਦੇ ਆਸ-ਪਾਸ ਇਲਾਕਿਆਂ 'ਚ ਪੁੱਜੇ ਹਥਿਆਰ ਕਿਸੇ ਸੁੰਨਸਾਨ ਇਲਾਕੇ 'ਚ ਰੱਖੇ ਹੋਣ ਦਾ ਵੀ ਅਨੁਮਾਨ ਲਾਇਆ ਜਾ ਰਿਹਾ ਹੈ।


Baljeet Kaur

Content Editor

Related News