ਐੱਸ. ਐੱਸ. ਪੀ. ਦੀ ਵਧੀਆ ਕਾਰਗੁਜ਼ਾਰੀ ਸਦਕਾ ਸ਼ਹਿਰ ਵਾਸੀ ਸੌਂ ਰਹੇ ਹਨ ਬੇਫਿਕਰ
Wednesday, Aug 28, 2019 - 01:04 PM (IST)
![ਐੱਸ. ਐੱਸ. ਪੀ. ਦੀ ਵਧੀਆ ਕਾਰਗੁਜ਼ਾਰੀ ਸਦਕਾ ਸ਼ਹਿਰ ਵਾਸੀ ਸੌਂ ਰਹੇ ਹਨ ਬੇਫਿਕਰ](https://static.jagbani.com/multimedia/2019_8image_13_03_445318279a5.jpg)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਵਿਖੇ ਜਦੋਂ ਤੋਂ ਆਈ. ਪੀ. ਐੱਸ. ਅਧਿਕਾਰੀ ਧਰੁਵ ਦਹੀਆ ਵੱਲੋਂ ਬਤੌਰ ਐੱਸ. ਐੱਸ. ਪੀ. ਚਾਰਜ ਸੰਭਾਲਿਆ ਗਿਆ ਹੈ, ਉਦੋਂ ਤੋਂ ਪੁਲਸ ਮਹਿਕਮੇ ’ਚ ਹਫੜਾ-ਦਫੜੀ ਮਚ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਐੱਸ. ਐੱਸ. ਪੀ. ਵੱਲੋਂ ਸਾਰੀ-ਸਾਰੀ ਰਾਤ ਕੀਤੀ ਜਾਂਦੀ ਚੈਕਿੰਗ ਦੇ ਡਰ ਕਾਰਣ ਹੁਣ ਥਾਣਾ ਮੁਖੀ ਤੋਂ ਲੈ ਕੇ ਹੇਠਲੇ ਕਰਮਚਾਰੀਆਂ ਤੱਕ ਕੋਈ ਵੀ ਆਪਣੀ ਡਿਊਟੀ ਤੋਂ ਫਰਲੋ ਮਾਰਨ ’ਚ ਕਾਮਯਾਬ ਨਹੀਂ ਹੋ ਰਿਹਾ। ਪੁਲਸ ਦੇ ਕੰਮ ਕਾਜ ’ਚ ਤੇਜ਼ੀ ਲਿਆਉਣ ਅਤੇ ਲੋਕਾਂ ਦੀ ਸੁਰੱਖਿਆ ਲਈ ਐੱਸ. ਐੱਸ. ਪੀ. ਵੱਲੋਂ ਅੱਜ ਕਰੀਬ 80 ਕਰਮਚਾਰੀਆਂ ਨੂੰ ਇਧਰੋਂ-ਉਧਰ ਕੀਤੇ ਜਾਣ ਦੀ ਲਿਸਟ ਜਾਰੀ ਕੀਤੀ ਗਈ ਹੈ।
ਸਾਰੀ ਰਾਤ ਹੁੰਦੀ ਹੈ ਚੈਕਿੰਗ
ਜ਼ਿਲਾ ਤਰਨਤਾਰਨ ਦੇ ਥਾਣਿਆਂ ਤੋਂ ਲੈ ਕੇ ਚੌਕੀਆਂ ਤੱਕ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਆਪਣੀ ਡਿਊਟੀ ਨੂੰ ਈਮਾਨਦਾਰੀ ਅਤੇ ਫਰਜ਼ ਸਮਝਦੇ ਹੋਏ ਕਰਨ। ਇਸ ਤੋਂ ਇਲਾਵਾ ਮਾਡ਼ੇ ਅਨਸਰਾਂ ਅਤੇ ਸਮੱਗਲਰਾਂ ਦੇ ਘਰਾਂ ’ਚ ਰੋਜ਼ਾਨਾ ਪੁਲਸ ਟੀਮਾਂ ਰਾਹੀਂ ਛਾਪੇਮਾਰੀ ਕੀਤੀ ਜਾ ਰਹੀ ਹੈ।
80 ਕਰਮਚਾਰੀਆਂ ਦੀ ਕੀਤੀ ਗਈ ਬਦਲੀ
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਕੋ ਜਗ੍ਹਾ ਡਿਊਟੀ ਕਰ ਰਹੇ ਕਰੀਬ 80 ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਤੋਂ ਬਦਲੀ ਕਰ ਕੇ ਇਧਰੋਂ-ਉਧਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਊਟੀ ’ਚ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ। ਸਥਾਨਕ ਸ਼ਹਿਰ ’ਚ ਪੀ. ਸੀ. ਆਰ. ਟੀਮਾਂ ਨੂੰ 7 ਤੋਂ ਵਧਾ ਕੇ 14 ਕਰ ਦਿੱਤਾ ਗਿਆ ਹੈ ਅਤੇ ਖਡੂਰ ਸਾਹਿਬ, ਚੋਹਲਾ ਸਾਹਿਬ ਅਤੇ ਗੋਇੰਦਵਾਲ ਸਾਹਿਬ ਵਿਖੇ 3 ਨਵੇਂ ਪੀ. ਸੀ. ਆਰ. ਮੋਟਰਸਾਈਕਲ ਗਸ਼ਤ ਲਈ ਦਿੱਤੇ ਗਏ ਹਨ। ਇੰਨਾ ਹੀ ਨਹੀ ਚੌਕਾਂ ਚੋਰਾਹਿਆਂ ’ਚ ਨਵੇਂ ਬੈਰੀਗੇਡਸ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਤਕੀ ਮਾਡ਼ੇ ਅਨਸਰਾਂ ਬਾਰੇ ਗੁਪਤ ਸੂਚਨਾ ਪੁਲਸ ਨੂੰ ਦੇ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜ਼ਿਲੇ ਨੂੰ ਨਸ਼ਾ ਮੁਕਤ ਬਣਾਉਣ ’ਚ ਲੋਕ ਪੁਲਸ ਦਾ ਸਾਥ ਦੇਣ।