ਤਰਨਤਾਰਨ ''ਚ ਇਕ ਹੋਰ ਥਾਣੇਦਾਰ ਕੋਰੋਨਾ ਪਾਜ਼ੇਟਿਵ
Wednesday, Jun 17, 2020 - 10:53 AM (IST)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਖਡੂਰ ਸਾਹਿਬ ਇਲਾਕੇ ਨਾਲ ਸਬੰਧਤ ਇਕ ਹੋਰ ਥਾਣੇਦਾਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਹੈ, ਜਿਸ ਨੂੰ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਹਤ ਭਰੀ ਖ਼ਬਰ ਇਹ ਹੈ ਹਸਪਤਾਲ 'ਚ ਜ਼ੇਰੇ ਇਲਾਜ ਇਕ ਨੌਜਵਾਨ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪਰਤ ਗਿਆ। ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ ਲਏ ਗਏ ਕੁੱਲ 6503 ਸੈਂਪਲਾਂ 'ਚੋਂ 5486 ਨੈਗੇਟਿਵ, 179 ਪਾਜ਼ੇਟਿਵ ਅਤੇ 838 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ, ਜਦਕਿ ਜ਼ਿਲੇ ਅੰਦਰ ਹੁਣ ਤੱਕ 2 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋਂ : ਸਾਵਧਾਨ! ਅਸੀਂ ਹੋਰ ਨਹੀਂ ਸਹਿ ਸਕਦੇ ਆਪਣਿਆਂ ਤੋਂ ਵਿਛੜਨ ਦਾ ਗਮ
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਦੀ ਇਕ ਸ਼ਾਖਾ 'ਚ ਤਾਇਨਾਤ 55 ਸਾਲਾ ਥਾਣੇਦਾਰ ਜੋ ਖਡੂਰ ਸਾਹਿਬ ਇਲਾਕੇ ਨਾਲ ਸਬੰਧਤ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਲਿਆ ਗਿਆ ਹੈ। ਉਕਤ ਥਾਣੇਦਾਰ ਦੀ ਡਿਊਟੀ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਲਾਈ ਗਈ ਸੀ। ਇਹ ਥਾਣੇਦਾਰ ਅੰਮ੍ਰਿਤਸਰ ਵਿਖੇ ਕਿਸੇ ਕੋਰੋਨਾ ਪੀੜਤ ਦੇ ਸੰਪਰਕ 'ਚ ਆਉਣ ਕਾਰਨ ਬਿਮਾਰੀ ਦਾ ਸ਼ਿਕਾਰ ਹੋਇਆ ਹੋ ਸਕਦਾ ਹੈ।ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਪੀੜਤ ਪਾਏ ਗਏ ਥਾਣੇਦਾਰ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਕੀਤੇ ਜਾਣਗੇ। ਇਸ ਦੇ ਆਸ-ਪਾਸ ਵਾਲੇ ਸਾਰੇ ਇਲਾਕੇ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਘਰ-ਘਰ ਜਾ ਕੋਰੋਨਾ ਪੀੜਤਾਂ ਦੀ ਪਛਾਣ ਲਈ ਸਿਹਤ ਟੀਮਾਂ ਡਿਊਟੀ ਕਰ ਰਹੀਆਂ ਹਨ।
ਇਹ ਵੀ ਪੜ੍ਹੋਂ : ਪੁਲਸ ਦੀ ਗਲਤੀ ਨਾਲ ਬੁਝ ਗਿਆ ਘਰ ਦਾ ਚਿਰਾਗ, ਸੁਸਾਇਡ ਨੋਟ 'ਚ ਬਿਆਨਿਆ ਦਰਦ
ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਇਕ ਕੋਰੋਨਾ ਮੁਕਤ ਹੋਏ ਵਿਅਕਤੀ ਨੂੰ ਘਰ ਭੇਜਿਆ ਗਿਆ ਹੈ, ਜਿਸ ਨੂੰ 7 ਦਿਨ ਤੱਕ ਘਰ 'ਚ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮੁਕਤ ਵਿਅਕਤੀ ਮਹਾਰਾਸ਼ਟਰ ਤੋਂ ਆਇਆ ਸੀ ਅਤੇ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਬੀਤੇ ਦਿਨੀਂ ਭਿੱਖੀਵਿੰਡ ਨਿਵਾਸੀ ਇਕ ਬਜ਼ੁਰਗ ਦੀ ਕੋਰੋਨਾ ਪੀੜਤ ਪਾਏ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸਸਕਾਰ ਸਿਹਤ ਵਿਭਾਗ ਦੀ ਟੀਮ ਵਲੋਂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ 'ਚ ਹੁਣ ਕੁਲ 8 ਮਰੀਜ਼ਾਂ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋਂ : ਮਕੌੜਾ ਪੱਤਣ ਤੋਂ ਪਲੂਟਨ ਪੁਲ ਚੁੱਕਿਆ, ਇਲਾਕਾ ਵਾਸੀ ਪ੍ਰੇਸ਼ਾਨ