ਤਰਨਤਾਰਨ: ਭਾਰਤ-ਪਾਕਿ ਸਰਹੱਦ ’ਚ ਮੁੜ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ
Wednesday, Jun 29, 2022 - 06:16 PM (IST)
ਤਰਨਤਾਰਨ/ਖਾਲੜਾ (ਰਮਨ, ਭਾਟੀਆ) - ਭਾਰਤ/ਪਾਕਿਸਤਾਨ ਸਰਹੱਦ ਨੂੰ ਪਾਰ ਕਰ ਡਰੋਨ ਵਲੋਂ ਭਾਰਤੀ ਖੇਤਰ ਵਿਚ ਦਸਤਕ ਦੇਣ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੀ ਇਕ ਤਾਜ਼ਾ ਮਿਸਾਲ ਬੀਤੀ ਦੇਰ ਰਾਤ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਪਾਕਿਸਤਾਨੀ ਡਰੋਨ ਵਲੋਂ ਖਾਲੜਾ ਸੈਕਟਰ ਅਧੀਨ ਆਉਂਦੀ ਕੰਡਿਆਲੀ ਤਾਰ ਨੂੰ ਪਾਰ ਕਰ ਦਸਤਕ ਦੇ ਦਿੱਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਖਾਲੜਾ ਦੇ ਪਿੱਲਰ ਨੰਬਰ 130/2 ਨੂੰ ਪਾਰ ਕਰ ਪਾਕਿਸਤਾਨੀ ਡਰੋਨ ਵਲੋਂ ਦੇਰ ਰਾਤ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣ ਜਿੱਥੇ ਬੀ.ਐੱਸ.ਐੱਫ ਦੀ 71 ਬਟਾਲੀਅਨ ਵਲੋਂ ਹਰਕਤ ਵਿਚ ਆਉਂਦੇ ਹੋਏ ਕਾਰਵਾਈ ਕਰਨੀ ਸ਼ੁਰੂ ਕਰ ਦਿੱਤਾ, ਉੱਥੇ ਪਿੰਡ ਵਾਸੀ ਸਹਿਮ ਗਏ। ਵੇਖਦੇ ਹੀ ਵੇਖਦੇ ਡਰੋਨ ਕੁਝ ਸਮੇਂ ਬਾਅਦ ਵਾਪਸ ਪਾਕਿਸਤਾਨ ਪਰਤ ਗਿਆ।
ਬੁੱਧਵਾਰ ਸਵੇਰ ਤੋਂ ਲੈ ਦੁਪਹਿਰ ਤੱਕ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ ਵਲੋਂ ਸਾਂਝੀ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਕੋਈ ਅਪਤੀਜਨਕ ਵਸਤੂ ਬਰਾਮਦ ਨਹੀਂ ਹੋਈ। ਜ਼ਿਕਰਯੋਗ ਹੈ ਕਿ ਬੀਤੇ ਜੂਨ ਮਹੀਨੇ ਦੌਰਾਨ ਪਾਕਿਸਤਾਨੀ ਡਰੋਨ ਵਲੋਂ ਜ਼ਿਲ੍ਹੇ ਅਧੀਨ ਆਉਂਦੀ ਕੰਡਿਆਲੀ ਤਾਰ ਨੂੰ ਪਾਰ ਕਰ ਕਰੀਬ 6 ਵਾਰ ਦਸਤਕ ਦਿੱਤੀ ਜਾ ਚੁੱਕੀ ਹੈ। ਇਸ ਦੌਰਾਨ ਬੀ.ਐੱਸ.ਐੱਫ ਵਲੋਂ ਵੱਡੀ ਗਿਣਤੀ ਵਿਚ ਫਾਈਰਿੰਗ ਅਤੇ ਈਉਮੀਲੇਸ਼ੀਅਨ ਬੰਬ ਵੀ ਚਲਾਏ ਗਏ ਹਨ।