ਹਰੀਕੇ ਪੱਤਣ ਨੂੰ ਵਿਕਸਿਤ ਕਰਨ ਲਈ ਖਰਚ ਕੀਤੇ ਜਾਣਗੇ 15 ਕਰੋੜ ਰੁਪਏ : ਮਨਪ੍ਰੀਤ ਸਿੰਘ ਬਾਦਲ

Tuesday, Aug 18, 2020 - 09:24 AM (IST)

ਹਰੀਕੇ ਪੱਤਣ ਨੂੰ ਵਿਕਸਿਤ ਕਰਨ ਲਈ ਖਰਚ ਕੀਤੇ ਜਾਣਗੇ 15 ਕਰੋੜ ਰੁਪਏ : ਮਨਪ੍ਰੀਤ ਸਿੰਘ ਬਾਦਲ

ਪੱਟੀ/ਤਰਨਤਾਰਨ (ਸੌਰਭ, ਸੋਢੀ, ਪਾਠਕ, ਬਲਵਿੰਦਰ ਕੌਰ, ਰਾਜੂ) : ਪੰਜਾਬ ਸਰਕਾਰ ਵਲੋਂ ਹਰੀਕੇ ਪੱਤਣ ਨੂੰ ਸੈਰ-ਸਪਾਟੇ ਦੀ ਹੱਬ ਦੇ ਤੌਰ 'ਤੇ ਵਿਕਸਤ ਕਰਨ ਲਈ 15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਬੀਤੇ ਦਿਨੀਂ ਪੱਟੀ ਸ਼ਹਿਰ ਵਿਖੇ 4 ਏਕੜ 'ਚ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸ਼ਾਨਦਾਰ ਪਾਰਕ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ (ਡਿੰਪਾ), ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਐੱਸ. ਪੀ. ਧਰੂਮਨ ਐੱਚ. ਨਿੰਬਲੇ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਜਗਤਾਰ ਸਿੰਘ ਬੁਰਜ, ਐਕਸੀਅਨ ਪੀ. ਡਬਲਯੂ. ਡੀ. ਜਸਬੀਰ ਸਿੰਘ ਸੋਢੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

ਇਹ ਵੀ ਪੜ੍ਹੋਂ : ਬੈਂਕ ਮੈਨੇਜਰ ਦੀ ਦਰਿੰਦਗੀ, ਦੂਜਾ ਵਿਆਹ ਕਰਵਾਉਣ ਲਈ ਪਤਨੀ ਤੇ 3 ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ

ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਤੋਂ ਬਾਅਦ ਆਉਣ ਵਾਲੇ ਮਹੀਨਿਆਂ 'ਚ ਇਸ ਸਬੰਧੀ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀਆਂ ਲਈ ਭਰਤੀ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਆਉਂਦੇ ਇਕ ਸਾਲ ਦੌਰਾਨ 50 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਮੱਦੇਨਜ਼ਰ ਸਿਹਤ ਵਿਭਾਗ ਵਿਚ 4200 ਨੌਕਰੀਆਂ ਦਿੱਤੀਆਂ ਗਈਆ ਹਨ।ਇਸ ਤੋਂ ਇਲਾਵਾ ਮੈਡੀਕਲ ਐਜੂਕੇਸ਼ਨ 'ਚ 1500 ਹੋਰ ਪੋਸਟਾਂ ਭਰੀਆਂ ਗਈਆ ਹਨ। 

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਮਾਈਨਿੰਗ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮਾਈਨਿੰਗ ਤੋਂ 300 ਕਰੋੜ ਰੁਪਏ ਤੋਂ ਵੱਧ ਰੈਵੀਨਿਊ ਖਜ਼ਾਨੇ ਵਿਚ ਆ ਰਿਹਾ ਹੈ, ਜਦੋਂਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਇਹ ਰੈਵੀਨਿਊ ਸਿਰਫ਼ 20 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ਕਿਸੇ ਕੀਮਤ 'ਤੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਕਿਹਾ ਅਜੋਕੇ ਸਮੇਂ 'ਚ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣਾ ਸਭ ਤੋਂ ਜ਼ਰੂਰੀ ਹੈ। ਇਸ ਲਈ ਸਾਨੂੰ ਅਜਿਹੇ ਪਾਰਕ ਵਿਕਸਿਤ ਕਰਨੇ ਚਾਹੀਦੇ ਹਨ, ਜਿੱਥੇ ਲੋਕਾਂ ਨੂੰ ਸੈਰ ਅਤੇ ਕਸਰਤ ਕਰਨ ਲਈ ਸ਼ੁੱਧ ਤੇ ਸਾਫ਼ ਵਾਤਾਵਰਣ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣਾ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ।


author

Baljeet Kaur

Content Editor

Related News