ਲੁਟੇਰਿਆਂ ਨੇ ਸਾਬਕਾ ਸਰਪੰਚ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟਿਆ

Monday, Dec 02, 2019 - 03:55 PM (IST)

ਲੁਟੇਰਿਆਂ ਨੇ ਸਾਬਕਾ ਸਰਪੰਚ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟਿਆ

ਤਰਨਤਾਰਨ (ਵਿਜੈ ਕੁਮਾਰ) : ਤਰਨਤਾਰਨ ਦੇ ਪਿੰਡ ਕਿੜੀਆਂ ਵਿਖੇ ਸਾਬਕਾ ਅਕਾਲੀ ਸਰਪੰਚ ਦੇ ਪਰਿਵਾਰ ਨੂੰ ਕੁਝ ਹਥਿਆਰਬੰਦ ਲੁਟੇਰਿਆਂ ਵਲੋਂ ਬੰਧਕ ਬਣਾ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਸਾਬਕਾ ਸਰਪੰਚ ਗੁਰਮੇਜ ਸਿੰਘ ਦੀ ਪਤਨੀ ਰਵਿੰਦਰਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਬੱਚੇ ਕਮਰੇ 'ਚ ਸੁੱਤੇ ਹੋਏ ਸਨ ਕਿ ਰਾਤ 2 ਵਜੇ ਦੇ ਕਰੀਬ ਪੰਜ-ਛੇ ਨਕਾਬਪੋਸ਼ ਵਿਅਕਤੀਆਂ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ ਦੇ ਕਮਰੇ 'ਚ ਦਾਖਲ ਹੋ ਗਏ ਤੇ ਉਨ੍ਹਾਂ ਨੇ ਸਾਨੂੰ ਹਥਿਆਰਾਂ ਦੀ ਨੌਕ 'ਤੇ ਬੰਦੀ ਬਣਾ ਲਿਆ। ਇਸ ਤੋਂ ਬਾਅਦ ਉਹ ਘਰ 'ਚ ਪਈ ਅਲਮਾਰੀ ਤੋੜ ਕੇ ਉਸ 'ਚੋਂ ਇੱਕ ਲੱਖ ਸੱਤਰ ਹਜ਼ਾਰ ਰੁਪਏੇ ਤੇ 12 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਹਾਰਟ ਅਟੈਕ ਹੋਇਆ ਹੈ, ਜਿਸ ਕਰਕੇ ਉਹ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਹਨ ਅਤੇ ਉਨ੍ਹਾਂ ਦੇ ਇਲਾਜ ਲਈ ਆੜ੍ਹਤੀਏ ਤੋਂ ਇਕ ਲੱਖ ਸੱਤਰ ਹਜ਼ਾਰ ਰੁਪਏ ਵਿਆਜ਼ੀ ਫੜ ਕੇ ਲਿਆਂਦਾ ਹੋਇਆ ਸੀ। ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੇ ਪੈਸੇ ਤੇ ਗਹਿਣੇ ਵਾਪਸ ਮਿਲ ਸਕਣ।


author

Baljeet Kaur

Content Editor

Related News