ਤਰਨਤਾਰਨ ਪੁਲਸ ਨੇ 2 ਨਸ਼ਾ ਸਮੱਗਲਰਾਂ ਦੀ ਜਾਇਦਾਦ ਜ਼ਬਤ
Thursday, Jan 09, 2020 - 10:47 AM (IST)
ਤਰਨਤਾਰਨ (ਬਲਵਿੰਦਰ ਕੌਰ,ਰਾਜੂ) : ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜਿੱਥੇ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀਆਂ ਜ਼ਮੀਨ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਥਾਣਾ ਖੇਮਕਰਨ ਪੁਲਸ ਨੇ ਦੋ ਸਮੱਗਲਰਾਂ ਦੀ 21 ਲੱਖ 84 ਹਜ਼ਾਰ 450 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. (ਆਈ.) ਸੁਖਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਸ ਨੇ 3 ਕਿਲੋ ਹੈਰੋਇਨ ਰਿਕਵਰੀ ਦੇ ਮਾਮਲੇ ਸਬੰਧੀ ਦਰਜ ਮੁਕੱਦਮਾ ਨੰਬਰ 47/12 ਜੁਰਮ 21/61/85 ਐੱਨ. ਡੀ. ਪੀ. ਐੱਸ. ਐਕਟ 'ਚ ਨਾਮਜ਼ਦ ਸਾਰਜ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੱਕਵਾਲੀਆ ਦੀ 4 ਕਨਾਲਾਂ 16 ਮਰਲੇ ਅਤੇ ਇਕ ਘਰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 12 ਲੱਖ 94 ਹਜ਼ਾਰ 575 ਰੁਪਏ ਬਣਦੀ ਹੈ। ਇਸੇ ਤਰ੍ਹਾਂ ਰਣਜੋਧ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਹਿੰਦੀਪੁਰ, ਜਿਸ ਦੇ ਖਿਲਾਫ ਵੀ ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ 'ਚ 3 ਕਿਲੋ ਹੈਰੋਇਨ ਬਰਾਮਦਗੀ ਸਬੰਧੀ ਮੁਕੱਦਮਾ ਨੰਬਰ 28 ਜੁਰਮ 21/25/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੈ, ਦੀ 2 ਕਨਾਲਾਂ 8 ਮਰਲੇ ਜ਼ਮੀਨ ਅਤੇ ਇਕ ਘਰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ 8 ਲੱਖ 89 ਹਜ਼ਾਰ 85 ਰੁਪਏ ਬਣਦੀ ਹੈ। ਡੀ. ਐੱਸ. ਪੀ. ਸੁਖਨਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਦੀ ਅਗਵਾਈ ਹੇਠ ਹੁਣ ਤੱਕ ਜ਼ਿਲਾ ਤਰਨਤਾਰਨ ਦੀ ਪੁਲਸ ਵਲੋਂ 26 ਨਸ਼ਾ ਸਮੱਗਲਰਾਂ ਦੀ 19 ਕਰੋੜ 92 ਲੱਖ 51 ਹਜ਼ਾਰ 360 ਰੁਪਏ ਦੀ ਜ਼ਮੀਨ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।