...ਡੀ. ਸੀ. ਸਾਹਿਬ ਪ੍ਰੋਗਰਾਮ ਸਬੰਧੀ ਪ੍ਰਬੰਧ ਤਾਂ ਸਹੀ ਢੰਗ ਨਾਲ ਕਰ ਲਿਆ ਕਰੋ

Wednesday, Aug 21, 2019 - 11:41 AM (IST)

...ਡੀ. ਸੀ. ਸਾਹਿਬ ਪ੍ਰੋਗਰਾਮ ਸਬੰਧੀ ਪ੍ਰਬੰਧ ਤਾਂ ਸਹੀ ਢੰਗ ਨਾਲ ਕਰ ਲਿਆ ਕਰੋ

ਤਰਨਤਾਰਨ (ਰਮਨ) : ਡੀ. ਸੀ. ਸਾਹਿਬ ਪ੍ਰੋਗਰਾਮ ਤੋਂ ਪਹਿਲਾਂ ਪ੍ਰਬੰਧ ਤਾਂ ਸਹੀ ਢੰਗ ਨਾਲ ਕਰ ਲਿਆ ਕਰੋ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਨੇ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਜ਼ਿਲਾ ਪੱਧਰੀ ਸਮਾਗਮ 'ਚ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਦੇ ਹੋਏ ਮਾਈਕ 'ਤੇ ਬੋਲਣ ਸਮੇਂ ਕੀਤਾ, ਜਿਸ 'ਤੇ ਡੀ. ਸੀ. ਸੱਭਰਵਾਲ ਵੱਲੋਂ ਤੁਰੰਤ ਸਿਵਲ ਸਰਜਨ ਡਾ. ਅਨੂਪ ਕੁਮਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਪ੍ਰਬੰਧ ਸਿਹਤ ਵਿਭਾਗ ਵੱਲੋਂ ਕੀਤੇ ਗਏ ਹਨ ਨਾ ਕਿ ਡਿਪਟੀ ਕਮਿਸ਼ਨਰ ਵੱਲੋਂ। ਸਿਹਤ ਵਿਭਾਗ ਵੱਲੋਂ ਇਸ ਸਮਾਗਮ 'ਚ ਸਹੀ ਇੰਤਜ਼ਾਮ ਅਤੇ ਪ੍ਰਬੰਧ ਨਾ ਕਰਨ ਕਰ ਕੇ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ।

ਸਮਾਗਮ 'ਚ ਉਦਘਾਟਨ ਤੋਂ ਲੈ ਕੇ ਸਮਾਪਤੀ ਤੱਕ ਸਾਰੇ ਪ੍ਰਬੰਧ ਸਹੀ ਨਾ ਹੋਣ ਕਾਰਣ ਹਾਲ 'ਚ ਬੈਠੇ ਹਾਜ਼ਰੀਨਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵੱਲੋਂ ਵੀ ਕੰਨਾਂ 'ਚ ਕੁਸਰ-ਫੁਸਰ ਕਰਨੀ ਸ਼ੁਰੂ ਕਰ ਦਿੱਤੀ ਗਈ। ਹਾਲ 'ਚ ਜ਼ਿਆਦਾ ਸਮਾਂ ਕੁਰਸੀਆਂ ਖਾਲੀ ਹੀ ਨਜ਼ਰ ਆਈਆਂ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਾਸੀਆਂ ਨੂੰ ਇਸ ਯੋਜਨਾ ਸਬੰਧੀ ਜਾਣਕਾਰੀ ਦੇਣ ਲਈ ਸਿੱਧਾ ਪ੍ਰਸਾਰਨ ਕੀਤਾ ਗਿਆ, ਜਿਸ ਸਬੰਧੀ ਪ੍ਰੋਜੈਕਟਰ ਦੀ ਮਦਦ ਨਾਲ ਹਾਲ ਵਿਚ ਬੈਠੇ ਮੁੱਖ ਮਹਿਮਾਨ ਅਤੇ ਹਲਕਾ ਵਿਧਾਇਕ ਨੂੰ ਸਿੱਧਾ ਪ੍ਰਸਾਰਨ ਵਿਖਾਏ ਜਾਣ ਦਾ ਮਜ਼ਾ ਉਸ ਵੇਲੇ ਮਿੱਟੀ ਹੋ ਗਿਆ, ਜਦੋਂ ਇੰਟਰਨੈੱਟ ਦਾ ਸਹੀ ਪ੍ਰਬੰਧ ਨਾ ਹੋਣ ਕਾਰਣ ਸਿੱਧੇ ਪ੍ਰਸਾਰਨ ਸਮੇਂ ਸਕਰੀਨ 'ਤੇ ਬਫਰਿੰਗ ਹੁੰਦੀ ਨਜ਼ਰ ਆਉਂਦੀ ਰਹੀ।

ਹੈਰਾਨੀ ਦੀ ਗੱਲ ਹੈ ਕਿ ਸਮਾਗਮ ਦੌਰਾਨ ਜਦੋਂ ਸਿਵਲ ਸਰਜਨ ਨੇ ਮਾਈਕ ਫੜ ਕੇ ਉਕਤ ਯੋਜਨਾ ਅਤੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਹਿਣਾ ਚਾਹਿਆ ਤਾਂ ਮਾਈਕ ਰਾਹੀਂ ਕੋਈ ਉੱਚੀ ਆਵਾਜ਼ ਨਾ ਆਉਣ ਕਾਰਣ ਸਾਰੇ ਇਕ-ਦੂਜੇ ਨਾਲ ਗੱਲਾਂ ਕਰਨ ਵਿਚ ਮਸ਼ਰੂਫ ਨਜ਼ਰ ਆਏ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿਚ ਸਿਹਤ ਵਿਭਾਗ ਵੱਲੋਂ ਕੀਤੇ ਘਟੀਆ ਅਤੇ ਮਾੜੇ ਪ੍ਰਬੰਧਾਂ ਨੂੰ ਵੇਖ ਸਿਹਤ ਕਰਮਚਾਰੀਆਂ ਨੇ ਵੀ ਦੰਦ ਕਥਾ ਕਰਨ ਤੋਂ ਪ੍ਰਹੇਜ਼ ਨਹੀਂ ਕੀਤਾ। ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਰਮਚਾਰੀਆਂ ਪਾਸੋਂ ਕੀਤੇ ਪ੍ਰਬੰਧ ਦੀ ਰਿਪੋਰਟ ਲੈਣਗੇ।


author

Baljeet Kaur

Content Editor

Related News