ਮਾਮਲਾ ਬਲਵਿੰਦਰ ਸਿੰਘ ਦੇ ਕਤਲ ਦਾ: ਦੋਵਾਂ ਬੇਟਿਆਂ ਖ਼ਿਲਾਫ਼ ਦਰਜ ਅਪਰਾਧਕ ਮਾਮਲਿਆਂ ਨੂੰ ਲੈ ਪੁਲਸ ਜਾਂਚ ''ਚ ਜੁੱਟੀ
Saturday, Oct 17, 2020 - 10:07 AM (IST)
ਤਰਨਤਾਰਨ/ਭਿੱਖੀਵਿੰਡ/ਖਾਲੜਾ (ਰਮਨ, ਸੁਖਚੈਨ, ਅਮਨ, ਭਾਟੀਆ): ਭਾਰਤ-ਪਾਕਿਸਤਾਨ ਸਰੱਹਦ ਤੋਂ ਥੋੜੀ ਦੂਰ ਸਥਿਤ ਕਸਬਾ ਭਿੱਖੀਵਿੰਡ ਵਿਖੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਸ਼ਰ੍ਹੇਆਮ ਘਰ ਅੰਦਰ ਦਾਖ਼ਲ ਹੋ ਕੇ ਸਿਰਫ਼ 30 ਸੈਕਿੰਡ ਅੰਦਰ 2 ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਹੱਤਿਆ ਦੀਆਂ ਪਰਤਾਂ ਖੋਲ੍ਹਣ ਲਈ ਪੁਲਸ ਸਾਈਬਰ ਸੈੱਲ ਅਤੇ ਹੋਰ ਟੀਮਾਂ ਦੀ ਮਦਦ ਨਾਲ ਵਿਸ਼ੇਸ਼ ਜਾਂਚ 'ਚ ਜੁੱਟ ਗਈ ਹੈ। ਪੁਲਸ ਮ੍ਰਿਤਕ ਦੇ ਬੇਟਿਆਂ ਖ਼ਿਲਾਫ਼ ਦਰਜ ਅਪਰਾਧਕ ਮਾਮਲਿਆਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਦੀ ਹੋਈ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ
ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਦੇ ਬੇਟੇ ਅਰਸ਼ਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿਖੇ ਅਸਲਾ ਐਕਟ ਤਹਿਤ ਸਾਲ 2020 ਨੂੰ ਮਾਮਲਾ ਦਰਜ ਹੈ, ਜਿਸ ਦੌਰਾਨ ਪੁਲਸ ਨੇ ਕੁੱਲ 10 ਮੁਲਜ਼ਮਾਂ ਨੂੰ ਤਿੰਨ ਗੱਡੀਆਂ, 3 ਪਿਸਤੌਲ 32 ਬੋਰ, ਇਕ ਦੇਸੀ ਪਿਸਤੌਲ, ਇਕ ਰਿਵਾਲਵਰ ਅਤੇ ਰੌਂਦ ਬਰਾਮਦ ਕੀਤੇ ਸਨ। ਇਸੇ ਤਰ੍ਹਾਂ ਦੋਵਾਂ ਬੇਟਿਆਂ ਅਰਸ਼ਦੀਪ ਸਿੰਘ ਅਤੇ ਗਗਨਦੀਪ ਸਿੰਘ ਖ਼ਿਲਾਫ਼ 21 ਫਰਵਰੀ 2019 ਦੌਰਾਨ ਥਾਣਾ ਗੇਟ ਹਕੀਮਾਂ ਵਿਖੇ ਧਾਰਾ 307 ਤਹਿਤ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਥਾਣਾ ਸਦਰ ਅੰਮ੍ਰਿਤਸਰ ਵਿਖੇ ਇਕ ਬੇਟੇ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ 'ਚ ਪੁਲਸ ਨੇ ਇਕ ਪਿਸਤੌਲ 9 ਐੱਮ. ਐੱਮ, ਇਕ ਦੇਸੀ ਪਿਸਤੌਲ ਅਤੇ ਕੁੱਝ ਰੌਂਦ ਵੀ ਬਰਾਮਦ ਕੀਤੇ ਸਨ।
ਸ਼ੌਰਿਆ ਚੱਕਰ ਨੂੰ ਵਾਪਸ ਕਰਨ ਦੀ ਕੀਤੀ ਸੀ ਪੇਸ਼ਕਸ਼
ਬਲਵਿੰਦਰ ਸਿੰਘ ਦੀ ਸੁਰੱਖਿਆ ਨੂੰ ਕੁਝ ਸਮਾਂ ਪਹਿਲਾਂ ਪੁਰਾਣੇ ਐੱਸ. ਐੱਸ. ਪੀ. ਵਲੋਂ ਵਾਪਸ ਲੈ ਲਿਆ ਗਿਆ ਸੀ। ਜਿਸ ਕਾਰਨ ਬਲਵਿੰਦਰ ਸਿੰਘ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ 'ਚ ਸਮਝਦਾ ਸੀ। ਸੁਰਖਿਆ ਸਬੰਧੀ ਪੰਜਾਬ ਪੁਲਸ ਵਲੋਂ ਮੰਗ ਪੂਰੀ ਨਾ ਹੋਣ ਕਾਰਨ ਪਰਿਵਾਰ ਨੇ ਸਾਰੇ ਸ਼ੌਰਿਆ ਚੱਕਰ ਸਰਕਾਰ ਨੂੰ ਵਾਪਸ ਕਰ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ।
ਇਹ ਵੀ ਪੜ੍ਹੋ :ਪੰਜਾਬ 'ਚ ਦੋ ਦਹਾਕਿਆਂ ਤੋਂ ਬਸਪਾ ਬੈਠੀ ਸੁੱਚੇ ਮੂੰਹ, ਅਕਾਲੀ ਗੱਠਜੋੜ ਦੇ ਚੱਕਰਾਂ 'ਚ
30 ਸੈਕਿੰਡ 'ਚ ਕਰ ਦਿੱਤਾ ਗਿਆ ਕਤਲ
ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਹ ਸਾਫ ਵਖਾਈ ਦਿੰਦਾ ਹੈ ਕਿ ਸਵੇਰੇ ਕਰੀਬ 7.10 ਵਜੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ, ਜਿਨ੍ਹਾਂ ਨੇ ਕਾਲੇ ਰੰਗ ਦੇ ਟ੍ਰੈਕ ਸੂਟ ਪਾਏ ਹੋਏ ਹਨ, ਵਲੋਂ ਘਰ ਦਾ ਦਰਵਾਜਾ ਖੜਕਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਕ ਹਤਿਆਰਾ ਘਰ ਅੰਦਰ ਦਾਖਲ ਹੁੰਦਾ ਹੈ ਅਤੇ ਸਿੱਦੀਆਂ ਕਾਮਰੇਡ ਬਲਵਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਾ ਹੋਇਆ 6 ਗੋਲੀਆਂ ਨਾਲ ਆਪਣਾ ਰਿਵਾਲਵਰ ਖਾਲ਼ੀ ਕਰ ਕੇ ਆਪਣੇ ਸਾਥੀ ਨਾਲ ਫਰਾਰ ਹੋ ਜਾਂਦਾ ਹੈ। ਸੀ. ਸੀ. ਟੀ. ਵੀ. ਫੁਟੇਜ ਮੁਤਾਬਿਕ ਇਸ ਘਟਨਾ ਨੂੰ ਅੰਜਾਮ ਦੇਣ 'ਚ ਸਿਰਫ 30 ਸੈਕਿੰਡ ਲੱਗਦੇ ਹਨ।
ਲੋਕਾਂ ਕੀਤੀ ਪੁਲਸ ਖਿਲਾਫ ਨਾਅਰੇਬਾਜ਼ੀ
ਜਦ ਮੌਕੇ 'ਤੇ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਪੁੱਜੇ ਤਾਂ ਲੋਕਾਂ ਪੁਲਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ। ਇਸ ਮੌਕੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਭਿੱਖੀਵਿੰਡ, ਕਾਮਰੇਡ ਤਰਸੇਮ ਸਿੰਘ ਤੇ ਹੋਰ ਵੀ ਪਿੰਡ ਵਾਸੀਆਂ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਵਲੋਂ ਉੱਚ ਅਧਿਕਾਰੀਆਂ ਤੋਂ ਬਾਰ-ਬਾਰ ਸਕਿਓਰਿਟੀ ਦੀ ਮੰਗ ਕਰਨ 'ਤੇ ਵੀ ਉਨ੍ਹਾਂ ਨੂੰ ਸਕਿਓਰਿਟੀ ਨਹੀਂ ਦਿੱਤੀ ਗਈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਹ ਕਤਲ ਪੂਰੀ ਸਾਜਿਸ਼ ਨਾਲ ਹੋਇਆ ਹੈ ਤੇ ਉਨ੍ਹਾਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ
ਕਾਮਰੇਡਾਂ 'ਚ ਭਾਰੀ ਰੋਸ
ਆਰ. ਐੱਮ. ਪੀ. ਆਈ ਪੰਜਾਬ ਦੇ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਰਾਏ, ਚਮਨ ਲਾਲ ਦਰਾਜਕੇ, ਕਾਮਰੇਡ ਬਲਦੇਵ ਸਿੰਘ ਪੰਡੋਰੀ, ਕਾਮਰੇਡ ਦਲਵਿੰਦਰ ਸਿੰਘ ਪੰਨੂ, ਕਾਮਰੇਡ ਹੀਰਾ ਸਿੰਘ ਆਦਿ ਨੇ ਦੱਸਿਆ ਕਿ ਅੱਤਵਾਦ ਦੌਰਾਨ ਪੂਰੇ ਪੰਜਾਬ 'ਚ ਕਰੀਬ 300 ਕਾਮਰੇਡਾਂ ਨੂੰ ਮਾਰ ਦਿੱਤਾ ਗਿਆ ਸੀ। ਕਾਮਰੇਡ ਬਲਵਿੰਦਰ ਸਿੰਘ ਦੀ ਸੁਰੱਖਿਆ ਜੇ ਪੁਲਸ ਨੇ ਵਾਪਸ ਨਾ ਲਈ ਹੁੰਦੀ ਤਾਂ ਅੱਜ ਇਹ ਹਾਦਸਾ ਨਹੀ ਵਾਪਰਨਾ ਸੀ। ਉਨ੍ਹਾਂ ਦੱਸਿਆ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਬਹਾਦੁਰੀ ਨੂੰ ਵੇਖਦੇ ਹੋਏ ਕਈ ਟੈਲੀ ਫਿਲਮਾਂ ਵੀ ਬਣ ਚੁੱਕੀਆਂ ਹਨ।
ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਪੁਲਸ ਦੀ ਨਾਲਾਇਕੀ : ਪ੍ਰਤਾਪ ਬਾਜਵਾ
ਇਸ ਸਬੰਧੀ ਫੋਨ 'ਤੇ ਗੱਲਬਾਤ ਕਰਦਿਆਂ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਤਵਾਦ ਵਿਰੋਧ ਬਹਾਦਰੀ ਨਾਲ ਲੜਾਈ ਲੜਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਦੀ ਸਕਿਓਰਿਟੀ ਦਾ ਪ੍ਰਬੰਧ ਨਾ ਕਰਨਾ ਤਰਨਤਾਰਨ ਜ਼ਿਲੇ ਦੀ ਪੁਲਸ ਦੀ ਨਾਲਾਇਕੀ ਹੈ। ਉਨ੍ਹਾਂ ਕਿਹਾ ਕਿ ਇੱਥੇ ਜਿੰਨ੍ਹਾਂ ਲੋਕਾਂ ਨੂੰ ਸਕਿਓਰਿਟੀ ਦੀ ਨਹੀਂ ਲੋੜ, ਉਹ ਗੰਨਮੈਨ ਲੈ ਕੇ ਤੁਰੇ ਫਿਰਦੇ ਹਨ ਜਦ ਕਿ ਮੈਂ ਇਸ ਸਬੰਧੀ ਮੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖਾਂਗਾ ਕਿ ਉਨ੍ਹਾਂ ਦੀ ਸਕਿਓਰਿਟੀ ਵਾਪਸ ਲਈ ਸਬੰਧੀ ਪੂਰੀ ਜਾਂਚ ਕਰਵਾਈ ਜਾਵੇ।
ਇਹ ਵੀ ਪੜ੍ਹੋ : ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ