ਨੂਰਦੀ ਅੱਡਾ ਚੌਕ ਵਿਖੇ 2 ਧਿਰਾਂ ''ਚ ਮਾਮੂਲੀ ਝਗੜੇ ਦੌਰਾਨ ਚੱਲੀਆਂ ਗੋਲੀਆਂ
Thursday, Mar 19, 2020 - 11:17 AM (IST)
ਤਰਨਤਾਰਨ (ਰਮਨ, ਮਿਲਾਪ) : ਜ਼ਿਲਾ ਤਰਨਤਾਰਨ ਵਿਖੇ ਜਿਥੇ ਪੁਲਸ ਵਲੋਂ ਦੇਸ਼ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ, ਉੱਥੇ ਸ਼ਹਿਰ 'ਚ ਧੱਕੇਸ਼ਾਹੀ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਦੀ ਇਕ ਤਾਜ਼ਾ ਮਿਸਾਲ ਬੀਤੇ ਦਿਨ ਨੂਰਦੀ ਅੱਡਾ ਨੇੜੇ ਬਾਬਾ ਨਾਮਦੇਵ ਗੁਰਦੁਆਰਾ ਵਿਖੇ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਕੁਝ ਗੁੰਡਾ ਅਨਸਰਾਂ ਵਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਉਹ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਕੁਝ ਸਮਾਂ ਬਾਅਦ ਥਾਣਾ ਸਿਟੀ ਦੇ ਮੁਖੀ ਤੁਸ਼ਾਰ ਗੁਪਤਾ ਸਣੇ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਕੁਝ ਮੋਟਰਸਾਈਕਲਾਂ 'ਤੇ ਸਵਾਰ ਅੱਧੀ ਦਰਜਨ ਦੇ ਕਰੀਬ ਨੌਜਵਾਨ ਨੂਰਦੀ ਅੱਡਾ ਚੌਕ 'ਚ ਸਥਿਤ ਕੁਝ ਨੌਜਵਾਨਾਂ ਨਾਲ ਗਾਲੀ ਗਲੋਚ ਕਰਨ ਲੱਗ ਪਏ। ਇਹ ਗਾਲੀ ਗਲੋਚ ਵੇਖਦੇ ਹੀ ਵੇਖਦੇ ਇੰਨਾ ਜ਼ਿਆਦਾ ਵਧ ਗਿਆ ਕਿ ਮੋਟਰਸਾਈਕਲ ਸਵਾਰਾਂ 'ਚੋਂ ਇਕ ਨੇ ਆਪਣੀ ਪਿਸਤੌਲ ਰਾਹੀਂ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ 'ਚ ਕਾਫੀ ਸਹਿਮ ਭਰਿਆ ਮਾਹੌਲ ਪੈਦਾ ਹੋ ਗਿਆ। ਜਿਨ੍ਹਾਂ ਵੱਲੋਂ ਪੁਲਸ ਨੂੰ ਹੋ ਰਹੇ ਝਗੜੇ ਸਬੰਧੀ ਸੂਚਨਾ ਦਿੱਤੀ ਗਈ। ਘਟਨਾ ਵਾਪਰਨ ਸਬੰਧੀ ਦੋਵਾਂ ਗਰੁੱਪਾਂ 'ਚ ਕਾਫੀ ਮਾਰ ਕੁਟਾਈ ਵੀ ਹੋਈ ਜਿਸ 'ਚ ਇਕ ਨੌਜਵਾਨ ਮਾਮੂਲੀ ਜ਼ਖਮੀ ਵੀ ਹੋ ਗਿਆ।
ਗੋਲੀਆਂ ਚਲਾਉਣ ਤੋਂ ਬਾਅਦ ਜ਼ਿਆਦਾਤਰ ਨੌਜਵਾਨ ਮੌਕੇ ਤੋਂ ਪੀ. ਸੀ. ਆਰ. ਟੀਮਾਂ ਦੇ ਸਾਹਮਣੇ ਤੋਂ ਫਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਦਾ ਦੱਸਣਾ ਹੈ ਕਿ ਪੀ. ਸੀ. ਆਰ. ਟੀਮਾਂ ਜੋ ਬਾਬਾ ਨਾਮਦੇਵ ਗੁਰਦੁਆਰਾ ਸਾਹਿਬ ਨਜ਼ਦੀਕ ਚੌਕ 'ਚ ਤਾਇਨਾਤ ਰਹਿੰਦੀਆਂ ਹਨ, ਦੇ ਸਾਹਮਣੇ ਇਹ ਸਾਰੀ ਘਟਨਾ ਵਾਪਰੀ ਪਰ ਫਿਰ ਵੀ ਪੀ. ਸੀ. ਆਰ. ਟੀਮਾਂ ਵੱਲੋਂ ਇਨ੍ਹਾਂ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਉਧਰ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮਾਮੂਲੀ ਤਕਰਾਰ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਹੋਏ ਝਗੜੇ ਦੌਰਾਨ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ।