ਟਾਂਡਾ ਪੁਲਸ ਵੱਲੋਂ ਕਾਬੂ ਕੀਤੇ ਗਏ ਪਿਓ-ਪੁੱਤ ਨੇ ਕੀਤੇ ਵੱਡੇ ਖ਼ੁਲਾਸੇ
Friday, Jun 11, 2021 - 02:40 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) : ਟਾਂਡਾ ਪੁਲਸ ਵੱਲੋਂ ਬੀਤੇ ਦਿਨੀਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਾਬੂ ਕੀਤੇ ਮੁਲਜ਼ਮ ਪਿਤਾ ਪੁੱਤਰ ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ ਅਤੇ ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੇ ਵਾਹਨ, ਅਸਲਾ ਅਤੇ ਗਹਿਣੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੈਂਗਸਟਰਾਂ, ਲੁੱਟਾਂ-ਖੋਹਾਂ, ਚੋਰੀਆਂ, ਇਸ਼ਤਿਹਾਰੀ ਮੁਜ਼ਰਮਾਂ ਆਦਿ ਨੂੰ ਨੱਥ ਪਾਉਣ ਲਈ ਪੁਲਸ ਕਪਤਾਨ ਡੀਟੈਕਟਿਵ ਹੁਸ਼ਿਆਰਪੁਰ ਰਵਿੰਦਰਪਾਲ ਸਿੰਘ ਸੰਧੂ, ਐੱਸ.ਪੀ. ਮਨਦੀਪ ਸਿੰਘ ਗਿੱਲ ਅਤੇ ਡੀ.ਐੱਸ.ਪੀ.ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਬਣਾਈ ਗਈ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਅਤੇ ਪੁਲਸ ਦੀਆਂ ਸਪੈਸ਼ਲ ਟੀਮਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ। ਟਾਂਡਾ ਪੁਲਸ ਵੱਲੋਂ ਬੀਤੇ ਦਿਨੀਂ ਰੜਾ ਮੋੜ ਨਜ਼ਦੀਕ ਇਨੋਵਾ ਕਾਰ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਸਰਪ੍ਰਗਟ ਜੀਤ ਸਿੰਘ ਉਰਫ ਜਪਾਨ ਅਤੇ ਉਸਦੇ ਪਿਤਾ ਚਰਨਜੀਤ ਸਿੰਘ ਹੈਪੀ ਪੁੱਤਰ ਜਸਪਾਲ ਸਿੰਘ ਵਾਸੀ ਕਡਿਆਲ ਕਲੋਨੀ ਸਿਵਲ ਲਾਈਨ ਬਟਾਲਾ ਨੇ ਪੁੱਛਗਿੱਛ ਦੌਰਾਨ ਵਾਰਦਾਤਾਂ ਦੇ ਅਹਿਮ ਖੁਲਾਸੇ ਕੀਤੇ ਹਨ।
ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਟਾਂਡਾ ਦੇ ਪਿੰਡ ਸਹਿਬਾਜ਼ਪੁਰ ਵਿਚ ਅਮਰੀਕ ਸਿੰਘ ਦੇ ਘਰੋਂ ਰਿਵਾਲਵਰ ਅਤੇ 13 ਜਿੰਦਾ ਕਾਰਤੂਸ ਅਤੇ ਪਿੰਡ ਭੂਲਪੁਰ ਵਿਚ ਇਕ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਦੇਸੀ ਕੱਟਾ, 8 ਜ਼ਿੰਦਾ ਕਾਰਤੂਸ, ਇਕ ਰਿਵਾਲਵਰ, 32 ਜ਼ਿੰਦਾ ਕਾਰਤੂਸ, ਸੋਨੇ ਦੇ ਗਹਿਣੇ, ਸਕੂਟਰੀ, ਦੋ ਮੋਟਰਸਾਈਕਲ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਬਟਾਲਾ, ਤਰਸਿੱਕਾ, ਮੋਗਾ, ਪਠਾਨਕੋਟ, ਦੀਨਾ ਨਗਰ ਥਾਣਿਆਂ ਵਿਚ ਲੁੱਟ ਖੋਹ, ਚੋਰੀ ਅਤੇ ਆਰਮਜ਼ ਐਕਟ ਅਧੀਨ 6 ਮਾਮਲੇ ਦਰਜ ਹਨ। ਡੀ.ਐੱਸ .ਪੀ ਨੇ ਦੱਸਿਆ ਇਸ ਗਿਰੋਹ ਦੇ ਤੀਜੇ ਮੈਂਬਰ ਸੁਖਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਕੀਪਾ ਵਾਸੀ ਕਡਿਆਲ ਕਲੋਨੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।