ਟਾਂਡਾ ਦੇ ਵਰਕਰਾਂ ਨੇ ਗਿਲਜੀਆਂ ਦੀ ਅਗਵਾਈ ’ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ
Monday, Nov 25, 2019 - 01:54 PM (IST)
 
            
            ਟਾਂਡਾ ਉੜਮੁੜ (ਵਰਿੰਦਰ ਪੰਡਿਤ ) - ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਂਗਰਸੀ ਵਰਕਰਾਂ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਖਿਲਾਫੀ ਕਰ ਆਰਥਿਕਤਾ ਤਬਾਹ ਕਰਨ ਦਾ ਦੋਸ਼ ਲਾਉਂਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਨੇ ਬਲਾਕ ਕਾਂਗਰਸ ਦਫ਼ਤਰ ਤੋਂ ਸਰਕਾਰੀ ਹਸਪਤਾਲ ਚੌਕ ਤੱਕ ਰੋਸ ਮਾਰਚ ਕੱਢਦੇ ਹੋਏ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਕਰ ਰਹੇ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਹਰੇਕ ਮੁੱਦੇ ’ਤੇ ਵਾਅਦਾ ਖਿਲਾਫੀ ਕੀਤੀ ਹੈ। ਆਪਣੀਆਂ ਨਕਾਰਾ ਆਰਥਿਕ ਨੀਤੀਆਂ ਨਾਲ ਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਦਿੱਤਾ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਸਭ ਤੋਂ ਵੱਧ ਹੈ। ਮੋਦੀ ਸਰਕਾਰ ਨੇ ਕਿਸਾਨਾਂ ਦੀ ਬੇਹਤਰੀ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰੀ ਨੇ ਪਿਛਲੇ 6 ਸਾਲਾ ਤੋਂ ਦੇਸ਼ ’ਚ ਲਗਾਤਾਰ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ । ਭਾਜਪਾ ਸਰਕਾਰ ਦਾ ਧਿਆਨ ਦੇਸ਼ ਦੀ ਬੇਹਤਰੀ ਦੇ ਥਾਂ ਬਦਲਾਖੋਰੀ ਵੱਲ ਹੈ। ਇਸ ਦੌਰਾਨ ਉਨ੍ਹਾਂ ਨੇ ਗਾਂਧੀ ਪਰਿਵਾਰ ਦੀ ਸੁਰੱਖਿਆ ’ਚ ਕਮੀ ਕਰਨ ਦੇ ਭਾਜਪਾ ਸਰਕਾਰ ਵਲੋਂ ਲਏ ਗਏ ਫੈਸਲੇ ਦੀ ਨਿੰਦਿਆ ਕੀਤੀ ਹੈ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਰਵਿੰਦਰ ਪਾਲ ਸਿੰਘ ਗੋਰਾ, ਅਵਤਾਰ ਸਿੰਘ, ਜਰਨੈਲ ਜਾਜਾ, ਹਰੀ ਕ੍ਰਿਸ਼ਨ ਸੈਣੀ, ਦਮਨਦੀਪ ਸਿੰਘ ਬਿੱਲਾ ਆਦਿ ਮੌਜੂਦ ਸਨ ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            