ਖੜ੍ਹੇ ਟਰੱਕ ''ਚ ਵੱਜਿਆ ਟੈਂਪੂ, 5 ਜ਼ਖਮੀ
Monday, Feb 19, 2018 - 12:39 AM (IST)

ਤਪਾ ਮੰਡੀ, (ਸ਼ਾਮ, ਗਰਗ)— ਐਤਵਾਰ ਸਵੇਰੇ ਕਰੀਬ 5 ਵਜੇ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਪੱਖੋ ਕਲਾਂ ਅਤੇ ਰੂੜੇਕੇ ਕਲਾਂ ਵਿਚਕਾਰ ਖੜ੍ਹੇ ਟਰੱਕ 'ਚ ਟੈਂਪੂ (ਛੋਟਾ ਹਾਥੀ) ਵੱਜਿਆ, ਜਿਸ ਕਾਰਨ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਟੈਂਪੂ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਲੁਧਿਆਣਾ ਆਪਣੇ ਸਾਥੀਆਂ ਨਾਲ ਵਿਆਹਾਂ 'ਚ ਖਾਣ-ਪੀਣ ਦੀਆਂ ਸਟਾਲਾਂ ਲਾਉਂਦਾ ਹੈ। ਐਤਵਾਰ ਸਵੇਰੇ ਉਹ ਸਿਰਸਾ(ਹਰਿਆਣਾ) ਤੋਂ ਵਿਆਹ 'ਚ ਕੰਮ ਕਰ ਕੇ ਪਰਤ ਰਹੇ ਸਨ। ਉਸ ਨੂੰ ਨੀਂਦ ਆਉਣ ਕਾਰਨ ਸ਼ੇਰਾਂ ਵਾਲੇ ਪੈਲੇਸ ਸਾਹਮਣੇ ਖੜ੍ਹੇ ਟਰੱਕ 'ਚ ਉਨ੍ਹਾਂ ਦਾ ਟੈਂਪੂ ਜਾ ਵੱਜਿਆ, ਜਿਸ ਕਾਰਨ ਉਸ ਸਣੇ ਵਿਸ਼ਾਲ ਪੁੱਤਰ ਹੇਮ ਰਾਜ ਘਰਾਲ, ਪ੍ਰਮੋਦ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਪਠਾਨਕੋਟ, ਜਗਦੀਪ ਸਿੰਘ ਪੁੱਤਰ ਭਾਗ ਸਿੰਘ ਵਾਸੀ ਬੀਹਲਾ, ਪੱਪੂ ਸਿੰਘ ਪੁੱਤਰ ਚਿੰਨਬੁੱਧ ਵਾਸੀ ਮੋਰਾਂਵਾਲੀ ਜ਼ਖਮੀ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਨੇ 108 ਨੰ. ਐਂਬੂਲੈਂਸ ਦੇ ਈ. ਐੱਮ. ਟੀ. ਮਨਦੀਪ ਸਿੰਘ ਨੂੰ ਸੂਚਿਤ ਕੀਤਾ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।