'ਚਿੱਟੇ' ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Saturday, Sep 21, 2019 - 11:53 AM (IST)

'ਚਿੱਟੇ' ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

ਤਲਵੰਡੀ ਸਾਬੋ (ਮੁਨੀਸ਼) : ਇਤਿਹਾਸਕ ਨਗਰ ਤਲਵੰਡੀ ਸਾਬੋ 'ਚ ਚਿੱਟੇ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਇਕ ਨੌਜਵਾਨ ਦੀ ਚਿੱਟੇ ਦੇ ਓਵਰਡੋਜ਼ ਨਾਲ ਮੌਤ ਹੋ ਗਈ।

ਮ੍ਰਿਤਕ ਗੁਰਮੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਤੇ ਭੈਣ ਦਾ ਲਾਡਲਾ ਵੀਰ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੀਤ ਸਿੰਘ (19) ਕਰੀਬ ਦੋ ਸਾਲ ਤੋਂ ਨਸ਼ੇ ਦਾ ਆਦੀ ਸੀ। ਭਾਵੇਂ ਪਰਿਵਾਰਕ ਮੈਂਬਰ ਉਸ ਨੂੰ ਨਸ਼ਾ ਕਰਨ ਤੋਂ ਰੋਕਦੇ ਸਨ ਪਰ ਉਹ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਨਸ਼ਾ ਕਰਦਾ ਰਹਿੰਦਾ ਸੀ। ਮ੍ਰਿਤਕ ਨੌਜਵਾਨ ਨੇ 9ਵੀਂ ਕਲਾਸ ਤੋਂ ਹੀ ਗਲਤ ਸੰਗਤ ਦਾ ਸ਼ਿਕਾਰ ਹੋਣ ਕਰ ਕੇ ਸਕੂਲ ਛੱਡ ਦਿੱਤਾ ਤੇ ਕਦੇ-ਕਦੇ ਦਿਹਾੜੀ ਕਰਦਾ ਸੀ। ਭੈਣ ਗੁਰਪ੍ਰੀਤ ਕੌਰ ਨੇ ਰੋ-ਰੋ ਕੇ ਆਪਣਾ ਦਰਦ ਦੱਸਦੇ ਕਿਹਾ ਕਿ ਕਈ ਨੌਜਵਾਨ ਉਸ ਨੂੰ ਨਾਲ ਲਿਜਾ ਕੇ ਨਸ਼ਾ ਕਰਦੇ ਸਨ, ਜਿਸ ਕਰ ਕੇ ਉਨ੍ਹਾਂ ਦੇ ਘਰ 'ਚ ਹਮੇਸ਼ਾ ਝਗੜਾ ਵੀ ਰਹਿੰਦਾ ਸੀ। ਉਸ ਨੇ ਕਿਹਾ ਕਿ ਚਿੱਟੇ ਨੇ ਮੇਰੇ ਵੀਰ ਦੀ ਜਾਨ ਲੈਣ ਲਈ ਤੇ ਸਾਡਾ ਘਰ ਪੱਟ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਹੁੱਲੇ 'ਚ ਵੱਡੀ ਗਿਣਤੀ 'ਚ ਨੌਜਵਾਨ ਚਿੱਟੇ ਦਾ ਨਸ਼ਾ ਕਰਦੇ ਹਨ, ਜਿਸ 'ਤੇ ਹੁਣ ਛੋਟੇ-ਛੋਟੇ ਬੱਚੇ ਵੀ ਲੱਗ ਰਹੇ ਹਨ। ਮੁਹੱਲਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਿੱਟੇ ਨੂੰ ਬੰਦ ਕਰਨ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣ।


author

cherry

Content Editor

Related News