ਸ੍ਰੀ ਅਨੰਦਪੁਰ ਸਾਹਿਬ: ਲੰਗਰ ''ਚ ਸਬਜ਼ੀ ਘਪਲੇ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਜਲਦ
Wednesday, Jul 01, 2020 - 02:22 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਲਾਬੰਦੀ ਦੌਰਾਨ ਲੰਗਰ ਲਈ ਸਬਜ਼ੀਆਂ ਦੀ ਖ਼ਰੀਦ ਮਾਮਲੇ 'ਚ ਹੋਏ ਲੱਖਾਂ ਰੁਪਏ ਦੇ ਘੁਟਾਲੇ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਜਲਦ ਹੋਣ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਇੰਸਪੈਕਸ਼ਨ ਬਰਾਂਚ-85 ਦੀ ਪੜਤਾਲੀਆਂ ਟੀਮ ਦੀ ਰਿਪੋਰਟ 'ਤੇ ਉੱਚ ਅਧਿਕਾਰੀਆਂ ਦੀਆਂ ਟਿੱਪਣੀਆਂ ਤੋਂ ਬਾਅਦ ਮੁੱਖ ਸਕੱਤਰ ਵੱਲੋਂ ਇਸ ਮਾਮਲੇ 'ਚ ਕੁਝ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਿਫਾਰਿਸ਼ ਦੀ ਫਾਈਨਲ ਰਿਪੋਰਟ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ: ਜੇਲ 'ਚ ਕੱਪੜੇ ਧੁਆਉਣ ਦੀ ਰੰਜਿਸ਼ ਦਾ ਬਦਮਾਸ਼ ਨੇ ਬਦਲਾ ਲੈਣ ਲਈ ਕੀਤਾ ਇਹ ਕਾਰਾ
ਸਬਜ਼ੀ ਘੁਟਾਲੇ ਮਾਮਲੇ 'ਚ ਮੁੱਖ ਸਕੱਤਰ ਦੀ ਰਿਪੋਰਟ ਅਨੁਸਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਮਲ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਲਿਖਤੀ ਆਦੇਸ਼ਾਂ ਤੋਂ ਬਾਅਦ ਹੀ ਹੋਵੇਗੀ ਕਿਉਂਕਿ ਸ਼੍ਰੋਮਣੀ ਕਮੇਟੀ 'ਚ ਕਿਸੇ ਵੀ ਕਰਮਚਾਰੀ ਦੀ ਤਬਦੀਲੀ, ਮੁਅੱਤਲੀ ਸਮੇਤ ਕਿਸੇ ਵੀ ਵਿਭਾਗੀ ਕਾਰਵਾਈ ਨੂੰ ਅਮਲ 'ਚ ਲਿਆਉਣ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਹਨ। ਮਿਲੀ ਜਾਣਕਾਰੀ ਅਨੁਸਾਰ ਸਬਜ਼ੀ ਘੁਟਾਲੇ ਮਾਮਲੇ 'ਚ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਕੋਲ ਪਹੁੰਚ ਗਈ ਹੈ। ਮੰਗਲਵਾਰ ਇਸ ਰਿਪੋਰਟ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਦਫਤਰ ਵੱਲੋਂ ਕੋਈ ਵੀ ਕਾਰਵਾਈ ਦੇ ਆਦੇਸ਼ ਨਹੀਂ ਹੋ ਸਕੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਾਰ-ਵਾਰ ਸੰਪਰਕ ਕਰਨ 'ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਜਦੋਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਿਸਥਾਰਤ ਜਾਣਕਾਰੀ ਦੇਣ ਤੋਂ ਭਾਵੇਂ ਨਾਂਹ ਕਰ ਦਿੱਤੀ ਪਰ ਇਸ ਗੱਲ ਦੀ ਪੁਸ਼ਟੀ ਜ਼ਰੂਰ ਕੀਤੀ ਕਿ ਉਨ੍ਹਾਂ ਨੇ ਬੇਨਿਯਮੀ ਲਈ ਜ਼ਿੰਮੇਵਾਰ ਕਰਮਚਾਰੀਆਂ ਖਿਲਾਫ ਸਖਤ ਵਿਭਾਗੀ ਕਾਰਵਾਈ ਬਾਰੇ ਲਿਖ ਕੇ ਰਿਪੋਰਟ ਪ੍ਰਧਾਨ ਸਾਹਿਬ ਨੂੰ ਭੇਜ ਦਿੱਤੀ ਹੈ ਅਗਲੀ ਕਾਰਵਾਈ ਉਨ੍ਹਾਂ ਵੱਲੋਂ ਹੀ ਕੀਤੀ ਜਾਵੇਗੀ।